ਸਨਾਤਨ ਕਮਜ਼ੋਰ ਵਰਗਾਂ ਲਈ ਖੜ੍ਹਾ ਹੋਣ ਦਾ ਸੰਦੇਸ਼ ਦਿੰਦੈ : ਭਗਤ
ਸਨਾਤਨ ਦੂਜਿਆਂ ਦੀ ਸਹਾਇਤਾ, ਦਇਆ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਖੜ੍ਹਾ ਹੋਣ ਦਾ ਸੰਦੇਸ਼ ਦਿੰਦੈ : ਮਹਿੰਦਰ ਭਗਤ
Publish Date: Sat, 27 Dec 2025 08:31 PM (IST)
Updated Date: Sun, 28 Dec 2025 04:11 AM (IST)

ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਤੇ ਕਦਰਾਂ-ਕੀਮਤਾਂ ਨਾਲ ਜੋੜਨਾ ਸਨਾਤਨ ਦੀ ਸੇਵਾ ਦੇ ਬਰਾਬਰ : ਦੀਪਕ ਬਾਲੀ ਸਨਾਤਨ ਸੇਵਾ ਸਮਿਤੀ ਪੰਜਾਬ ਨੇ ਰੈੱਡ ਕਰਾਸ ਭਵਨ ਵਿਖੇ ਕਰਵਾਇਆ ਸਮਾਗਮ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅੱਜ ਲੋਕਾਂ ਨੂੰ ਸਨਾਤਨ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੱਤਾ। ਸ਼ਨਿੱਚਰਵਾਰ ਨੂੰ ਲਾਜਪਤ ਨਗਰ ਸਥਿਤ ਰੈੱਡ ਕਰਾਸ ਭਵਨ ਵਿਖੇ ਸਨਾਤਨ ਸੇਵਾ ਸਮਿਤੀ ਪੰਜਾਬ ਵੱਲੋਂ ਕਰਵਾਏ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ, ਜਿਨ੍ਹਾਂ ਨਾਲ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਜਲੰਧਰ ਦੇ ਮੇਅਰ ਵਿਨੀਤ ਧੀਰ ਤੇ ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ ਵੀ ਮੌਜੂਦ ਸਨ, ਨੇ ਕਿਹਾ ਕਿ ਸਨਾਤਨ ਇਕ ਪੂਰਨ ਜੀਵਨ ਸ਼ੈਲੀ ਹੈ, ਜੋ ਮਨੁੱਖ ਨੂੰ ਸੱਚ, ਸੇਵਾ ਤੇ ਕਰਤੱਵ ਦੇ ਰਾਹ ’ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ। ਭਗਤ ਨੇ ਕਿਹਾ ਕਿ ਸਨਾਤਨ ਵੱਲੋਂ ਦਿਖਾਏ ਰਾਹ ’ਤੇ ਚੱਲਦਿਆਂ ਅਸੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਨਾਤਨ ਸਾਨੂੰ ਜੀਵਨ ਜਾਚ ਸਿਖਾਉਂਦਾ ਹੈ ਤੇ ਹਰ ਮਨੁੱਖ ਨੂੰ ਮਾਤਾ-ਪਿਤਾ ਦੀ ਸੇਵਾ, ਪਰਿਵਾਰਕ ਮੁੱਲਾਂ ਦੀ ਸੰਭਾਲ ਤੇ ਸਮਾਜ ਪ੍ਰਤੀ ਆਪਣੇ ਕਰਤੱਵ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਨਾਤਨ ਦੀ ਮੂਲ ਸਿੱਖਿਆ ਮਨੁੱਖਤਾ ਦੀ ਭਲਾਈ ਹੈ। ਇਹ ਸਾਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ, ਦਇਆ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਖੜ੍ਹਾ ਹੋਣ ਦਾ ਸੰਦੇਸ਼ ਦਿੰਦਾ ਹੈ। ਉਸਾਰੂ ਤੇ ਨੈਤਿਕ ਸਮਾਜ ਦੀ ਸਿਰਜਣਾ ਲਈ ਉਨ੍ਹਾਂ ਨੌਜਵਾਨਾਂ ਨੂੰ ਸਨਾਤਨ ਨਾਲ ਜੋੜਨ ਦਾ ਸੱਦਾ ਦਿੱਤਾ। ਸਨਾਤਨ ਸੇਵਾ ਸਮਿਤੀ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਨੇ ਸਮਿਤੀ ਵੱਲੋਂ ਸਨਾਤਨ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਸਨਾਤਨ ਦੇ ਮੂਲ, ਉਦੇਸ਼ ਤੇ ਸਮਾਜ ’ਚ ਇਸ ਦੀ ਮਹੱਤਤਾ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਨਾਤਨ ਸਹਿਣਸ਼ੀਲਤਾ, ਸੇਵਾ, ਸੱਚਾਈ ਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ’ਤੇ ਜ਼ੋਰ ਦਿੰਦਿਆਂ ਦੀਪਕ ਬਾਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਡੀ ਸੰਸਕ੍ਰਿਤੀ ਤੇ ਕਦਰਾਂ-ਕੀਮਤਾਂ ਨਾਲ ਜੋੜਨਾ ਸਨਾਤਨ ਦੀ ਸੇਵਾ ਦੇ ਬਰਾਬਰ ਹੈ। ਉਨ੍ਹਾਂ ਸਮਿਤੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਆਪਣਾ ਸੇਵਾ ਕਾਰਜ ਨਿਰੰਤਰ ਜਾਰੀ ਰੱਖਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਮਿਤੀ ਵੱਲੋਂ ਬਹੁਤ ਉੱਤਮ ਤੇ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਜਲੰਧਰ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ। ਇਸ ਤੋਂ ਪਹਿਲਾਂ ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਵਿਜੇ ਸ਼ਰਮਾ, ਦੁਆਬਾ ਜ਼ੋਨ ਦੇ ਇੰਚਾਰਜ ਪਵਿੰਦਰ ਬਹਿਲ ਤੇ ਹੋਰ ਅਹੁਦੇਦਾਰਾਂ ਵੱਲੋਂ ਸਮਾਗਮ ਵਿੱਚ ਪਹੁੰਚਣ ’ਤੇ ਕੈਬਨਿਟ ਮੰਤਰੀ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜੋਗੀ ਬਾਬਾ ਸੰਗਤ ਨਾਥ, ਸਮਿਤੀ ਦੇ ਦੁਆਬਾ ਜ਼ੋਨ ਦੇ ਜਨਰਲ ਸਕੱਤਰ ਸ਼ਾਂਤ ਗੁਪਤਾ, ਮਾਲਵਾ ਜ਼ੋਨ-1 ਇੰਚਾਰਜ ਜੋਗਿੰਦਰ ਪਾਲ ਸ਼ਰਮਾ, ਮਾਲਵਾ ਜ਼ੋਨ-2 ਇੰਚਾਰਜ ਰਿੰਕੂ ਦੇਵਾ, ਸਕੱਤਰ ਦੁਆਬਾ ਜ਼ੋਨ ਸੁਭਾਸ਼ ਸ਼ਰਮਾ, ਜ਼ਿਲ੍ਹਾ ਇੰਚਾਰਜ ਯਸ਼ ਚੱਢਾ, ਜ਼ਿਲ੍ਹਾ ਜਨ. ਸਕੱਤਰ ਅਲੋਕ ਨਾਗਪਾਲ, ਸੰਗਠਨ ਜਨ. ਸਕੱਤਰ ਵਰੁਣ ਮਹਿਤਾ ਜ਼ੋਨ-1, ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਹਰੀਸ਼ ਸ਼ਰਮਾ, ਸ਼ੁਭਮ ਸਹੋਤਾ, ਗੌਰਵ ਸ਼ਰਮਾ, ਅਰੁਣ ਅਰੋੜਾ, ਵਿਸ਼ਾਲ ਸ਼ਰਮਾ, ਸਲਿਲ ਮਹਾਜਨ ਆਦਿ ਵੀ ਮੌਜੂਦ ਸਨ।