ਰੈਣਕ ਬਾਜ਼ਾਰ ’ਚ ਦੇਰ ਰਾਤ ਪੁੱਜਾ ਸਾਂਬਰ
ਰੈਨਕ ਬਾਜ਼ਾਰ ’ਚ ਦੇਰ ਰਾਤ ਪਹੁੰਚਿਆ ਸਾਂਭਰ, ਲੋਕਾਂ ’ਚ ਮਚੀ ਅਫ਼ਰਾ-ਤਫ਼ਰੀ
Publish Date: Mon, 19 Jan 2026 08:00 PM (IST)
Updated Date: Mon, 19 Jan 2026 08:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਠੰਢ ਤੇ ਧੁੰਦ ਦੇ ਮੌਸਮ ਦੌਰਾਨ ਜੰਗਲੀ ਜਾਨਵਰ ਖੁਰਾਕ ਦੀ ਭਾਲ ’ਚ ਜੰਗਲਾਂ ਤੋਂ ਭਟਕ ਕੇ ਸ਼ਹਿਰੀ ਇਲਾਕਿਆਂ ’ਚ ਆ ਜਾਂਦੇ ਹਨ। ਬੀਤੀ ਰਾਤ ਸ਼ਹਿਰ ਦੇ ਅਤਿ-ਮਸਰੂਫ਼ ਸੈਦਾਂ ਗੇਟ, ਰੈਣਕ ਬਾਜ਼ਾਰ ਤੇ ਭਗਵਾਨ ਵਾਲਮੀਕਿ ਚੌਕ ਦੇ ਨੇੜੇ ਸੜਕਾਂ ’ਤੇ ਇਕ ਸਾਂਬਰ ਦੌੜਦਾ ਹੋਇਆ ਨਜ਼ਰ ਆਇਆ। ਸੜਕ ’ਤੇ ਦੌੜਦੇ ਸਾਂਬਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰਾ ਦਿਨ ਬਾਜ਼ਾਰ ’ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਰਹੀ। ਸਾਂਬਰ ਭਗਵਾਨ ਵਾਲਮੀਕਿ ਚੌਕ, ਸੈਦਾ ਗੇਟ ਤੇ ਰੈਨਕ ਬਾਜ਼ਾਰ ਦੀਆਂ ਗਲੀਆਂ ’ਚੋਂ ਦੌੜਦਾ ਹੋਇਆ ਬਾਹਰ ਨਿਕਲ ਗਿਆ। ਇਲਾਕਾ ਨਿਵਾਸੀਆਂ ਵੱਲੋਂ ਨਗਰ ਨਿਗਮ ਤੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ ਗਈ ਪਰ ਉਸ ਤੋਂ ਪਹਿਲਾਂ ਹੀ ਸਾਂਬਰ ਉੱਥੋਂ ਦੌੜ ਕੇ ਕਿਤੇ ਦੂਰ ਨਿਕਲ ਚੁੱਕਾ ਸੀ। ਰੈਣਕ ਬਾਜ਼ਾਰ ਦੇ ਦੁਕਾਨਦਾਰ ਅਮਿਤ ਕੁਮਾਰ ਨੇ ਦੱਸਿਆ ਕਿ ਸਵੇਰੇ ਪਤਾ ਲੱਗਿਆ ਕਿ ਰਾਤ ਨੂੰ ਬਾਜ਼ਾਰ ’ਚ ਸਾਂਬਰ ਘੁੰਮਦਾ ਹੋਇਆ ਵੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਜ਼ਾਰ ਬੰਦ ਤੇ ਸੜਕਾਂ ਖਾਲੀ ਹੋਣ ਕਰਕੇ ਸਾਂਬਰ ਦੌੜ ਕੇ ਨਿਕਲ ਗਿਆ ਤੇ ਫੜਿਆ ਨਹੀਂ ਜਾ ਸਕਿਆ। ਜੰਗਲਾਤ ਵਿਭਾਗ ਦੇ ਕਰਮਚਾਰੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ। ਜੇ ਸੂਚਨਾ ਮਿਲਦੀ ਤਾਂ ਉਹ ਰਾਤ ਨੂੰ ਮੌਕੇ ’ਤੇ ਪਹੁੰਚ ਕੇ ਸਾਂਬਰ ਨੂੰ ਫੜ ਕੇ ਜੰਗਲ ’ਚ ਛੱਡ ਦਿੰਦੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚ ਲਗਭਗ 12 ਸਾਂਬਰ ਆ ਚੁੱਕੇ ਹਨ, ਜਿਨ੍ਹਾਂ ਨੂੰ ਫੜ ਕੇ ਜੰਗਲ ’ਚ ਛੱਡਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਂਭਰ ਨੂੰ ਵੇਖ ਕੇ ਉਸ ਦੇ ਪਿੱਛੇ ਨਾ ਦੌੜਣ, ਕਿਉਂਕਿ ਡਰ ਕੇ ਉਹ ਤੇਜ਼ ਗਤੀ ਨਾਲ ਦੌੜਦਾ ਹੈ ਤੇ ਵਾਹਨਾਂ ਆਦਿ ਨਾਲ ਟਕਰਾ ਕੇ ਜ਼ਖ਼ਮੀ ਹੋ ਸਕਦਾ ਹੈ। ਇਸ ਦੌਰਾਨ ਸਾਂਬਰ ਨੂੰ ਪਾਣੀ ਵੀ ਨਹੀਂ ਪਿਲਾਉਣਾ ਚਾਹੀਦਾ।