ਇੱਧਰ ਪੈਂਡੈਂਸੀ ਖਤਮ ਕਰਨ ਦੇ ਹੁਕਮ, ਓਧਰ ਦੋਵੇਂ ਏਆਰਟੀਆਰਓ ਸ਼ਹਿਰ ’ਚ ਨਹੀਂ
ਆਰਟੀਆਰਓ ਨੇ ਪੈਂਡੈਂਸੀ ਖਤਮ ਕਰਨ ਦਾ ਦਿੱਤਾ ਹੁਕਮ, ਦੋ ’ਚੋਂ ਕੋਈ ਵੀ ਏਆਰਟੀਆਰਓ ਡਰਾਈਵਿੰਗ ਟ੍ਰੈਕ 'ਤੇ ਨਹੀਂ
Publish Date: Wed, 10 Dec 2025 09:12 PM (IST)
Updated Date: Wed, 10 Dec 2025 09:15 PM (IST)

-- ਇਕ ਏਆਰਟੀਆਰਓ ਨਵਾਂਸ਼ਹਿਰ ਡਿਊਟੀ ’ਤੇ, ਦੂਜਾ ਛੁੱਟੀ ਤੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਆਟੋਮੇਟਡ ਡਰਾਈਵਿੰਗ ਟ੍ਰੈਕ ਤੇ ਲੋਕਾਂ ਦੀ ਸੁਣਵਾਈ ਦੀ ਬਜਾਏ ਉਲਟ ਮੁਸ਼ਕਲ ਵੱਧਦੀ ਜਾ ਰਹੀ ਹੈ। ਇਕ ਪਾਸੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਲਗਪਗ 7,000 ਦੀ ਪੈਂਡੈਂਸੀ ਤੋਂ ਲੋਕ ਪਹਿਲਾਂ ਹੀ ਪਰਸ਼ਾਨ ਹਨ, ਦੂਜੇ ਪਾਸੇ ਬੁੱਧਵਾਰ ਨੂੰ ਵੀ ਲਗਾਤਾਰ ਤੀਜੇ ਦਿਨ ਸਰਵਰ ਸਲੋ ਚੱਲਣ ਕਾਰਨ ਸ਼ਾਮ ਤੱਕ ਟ੍ਰੈਕ ਦੇ ਕਾਊਂਟਰਾਂ ’ਤੇ ਬਿਨੈਕਾਰਾਂ ਦੀ ਭੀੜ ਲੱਗੀ ਰਹੀ। ਗੁੱਸੇ ’ਚ ਆਏ ਲੋਕਾਂ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪੂਰੀ ਫੀਸ ਵਸੂਲਣ ਦੇ ਬਾਵਜੂਦ ਵੀ ਕੰਮ ਲਈ ਘੰਟਿਆਂ ਲੰਬੀਆਂ ਕਤਾਰਾਂ ’ਚ ਖੜ੍ਹਾ ਹੋਣਾ ਪੈਂਦਾ ਹੈ। ਟ੍ਰੈਕ ਦੇ ਕਾਊਂਟਰਾਂ ’ਤੇ ਸ਼ਾਮ ਤੱਕ ਵੀ ਇਹੀ ਹਾਲਾਤ ਰਹੇ ਤੇ ਬਿਨੈਕਾਰ ਪਰੇਸ਼ਾਨ ਰਹੇ। ਉੱਧਰ, ਆਰਟੀਆਰਓ ਅਮਨਪਾਲ ਸਿੰਘ ਨੇ ਪੈਂਡੈਂਸੀ ਦੇ ਸਵਾਲ ਤੇ ਕਿਹਾ ਕਿ ਦੋਵੇਂ ਏਆਰਟੀਆਰਓਜ਼ ਨੂੰ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਬਿਨੈਕਾਰਾਂ ਦੀ ਪੈਂਡੈਂਸੀ ਖਤਮ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ------------------ ਬੁੱਧਵਾਰ ਨੂੰ ਵੀ ਟਰੈਕ ’ਤੇ ਨਹੀਂ ਪੁੱਜਾ ਕੋਈ ਅਫਸਰ ਡਰਾਈਵਿੰਗ ਟ੍ਰੈਕ ਤੇ ਲਗਭਗ 7 ਹਜ਼ਾਰ ਬਿਨੈ ਦੀ ਮਨਜ਼ੂਰੀ ਪੈਂਡਿੰਗ ਹੋਣ ਦੇ ਬਾਵਜੂਦ ਬੁੱਧਵਾਰ ਨੂੰ ਕੋਈ ਵੀ ਅਫ਼ਸਰ ਨਹੀਂ ਪਹੁੰਚਿਆ। ਇਸ ਵੇਲੇ ਦੋ ਏਆਰਟੀਆਰਓ ਤਾਇਨਾਤ ਹਨ, ਜੋ ਬੁੱਧਵਾਰ ਨੂੰ ਮੌਜੂਦ ਨਹੀਂ ਸਨ। ਪਤਾ ਲੱਗਾ ਕਿ ਏਆਰਟੀਆਰਓ ਕਮਲੇਸ਼ ਕੁਮਾਰੀ ਦਾ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਨਵਾਂਸ਼ਹਿਰ ਦਾ ਚਾਰਜ ਹੈ, ਜਦਕਿ ਏਆਰਟੀਆਰਓ ਵਿਸ਼ਾਲ ਗੋਇਲ ਸਿਹਤ ਕਾਰਨਾਂ ਕਰਕੇ ਛੁੱਟੀ ਤੇ ਸਨ।