ਪੀਏਪੀ ਚੌਕ ’ਤੇ ਰੈਂਪ ਲਈ 4.50 ਕਰੋੜ ਦੀ ਮਨਜ਼ੂਰੀ, ਜਲਦ ਸ਼ੁਰੂ ਹੋਵੇਗਾ ਨਿਰਮਾਣ

ਪਹਿਲਾਂ ਫਗਵਾੜਾ ਤੋਂ ਜਲੰਧਰ ਨੈਸ਼ਨਲ ਹਾਈਵੇ ’ਤੇ 93 ਕਰੋੜ ਦੇ ਪ੍ਰੋਜੈਕਟ ’ਚ ਸ਼ਾਮਲ ਸੀ ਰੈਂਪ ਦਾ ਨਿਰਮਾਣ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਏਪੀ ਫਲਾਈਓਵਰ ਦੀ ਲੰਬੇ ਸਮੇਂ ਤੋਂ ਬੰਦ ਪਈ ਸਰਵਿਸ ਲੇਨ ਨੂੰ ਖੋਲ੍ਹਣ ਲਈ ਪੀਏਪੀ ਰੇਲਵੇ ਓਵਰਬ੍ਰਿਜ਼ (ਆਰਓਬੀ) ਦੇ ਨਾਲ ਰੈਂਪ ਬਣਾਉਣ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਰੈਂਪ ਦੀ ਡਿਜ਼ਾਈਨ ਫਾਈਨਲ ਹੋਣ ਤੋਂ ਬਾਅਦ ਫੰਡ ਮਨਜ਼ੂਰੀ ਲਈ ਪ੍ਰਪੋਜ਼ਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਰੀਜਨਲ ਦਫ਼ਤਰ ਨੂੰ ਭੇਜਿਆ ਗਿਆ ਸੀ। ਲਗਪਗ 4.50 ਕਰੋੜ ਰੁਪਏ ਦੀ ਮਨਜ਼ੂਰੀ ਮਿਲਣ ਉਪਰੰਤ ਠੇਕੇਦਾਰ ਫਰਮ ਨੂੰ ਕੰਮ ਅਲਾਟ ਕਰਕੇ ਜਲਦ ਹੀ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਰੈਂਪ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਰੈਂਪ ਤਿਆਰ ਹੋਣ ਉਪਰੰਤ ਸ਼ਹਿਰ ਤੋਂ ਅੰਮ੍ਰਿਤਸਰ ਤੇ ਜੰਮੂ ਵੱਲ ਜਾਣ ਵਾਲੇ ਵਾਹਨ ਚਾਲਕ ਸਿੱਧੇ ਪੀਏਪੀ ਫਲਾਈਓਵਰ ’ਤੇ ਚੜ੍ਹ ਸਕਣਗੇ। ਇਸ ਵੇਲੇ ਉਨ੍ਹਾਂ ਨੂੰ ਰਾਮਾਮੰਡੀ ਚੌਕ ਤੋਂ ਯੂ-ਟਰਨ ਲੈ ਕੇ ਵਾਪਸ ਆਉਣਾ ਪੈਂਦਾ ਹੈ। ਇਸ ਤੋਂ ਪਹਿਲਾਂ ਫਗਵਾੜਾ ਤੋਂ ਜਲੰਧਰ ਨੈਸ਼ਨਲ ਹਾਈਵੇ ਦੀ ਸੜਕ ਤੇ ਸਰਵਿਸ ਲੇਨ ਸੁਧਾਰ ਲਈ ਐੱਨਐੱਚਏਆਈ ਵੱਲੋਂ ਲਗਪਗ 93 ਕਰੋੜ ਰੁਪਏ ਦੇ ਟੈਂਡਰ ’ਚ ਵੀ ਰੈਂਪ ਦਾ ਨਿਰਮਾਣ ਸ਼ਾਮਲ ਸੀ ਪਰ ਟੈਂਡਰ ਪ੍ਰਕਿਰਿਆ ਤੋਂ ਬਾਅਦ ਪ੍ਰੋਜੈਕਟ ’ਚ ਦੇਰੀ ਦੀ ਸੰਭਾਵਨਾ ਕਾਰਨ ਰੈਂਪ ਲਈ ਅਗਾਊਂ ਫੰਡ ਮਨਜ਼ੂਰੀ ਲੈ ਲਈ ਗਈ ਤਾਂ ਜੋ ਕੰਮ ਜਲਦ ਸ਼ੁਰੂ ਕਰਵਾਇਆ ਜਾ ਸਕੇ।
------------------------
300 ਮੀਟਰ ਲੰਬਾ ਤੇ 5.5 ਮੀਟਰ ਚੌੜਾ ਹੋਵੇਗਾ ਰੈਂਪ
ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਪੀਏਪੀ ਫਲਾਈਓਵਰ ’ਤੇ ਜਾਣ ਵਾਲੀ ਸਰਵਿਸ ਲੇਨ ਨੂੰ ਸੜਕ ਹਾਦਸਿਆਂ ਕਾਰਨ ਬੰਦ ਕੀਤਾ ਹੋਇਆ ਸੀ। ਨਵਾਂ ਰੈਂਪ ਬਣਨ ਨਾਲ ਪੀਏਪੀ ਚੌਕ ਦੀ ਸਰਵਿਸ ਲੇਨ ਸਿੱਧੀ ਫਲਾਈਓਵਰ ਨਾਲ ਜੁੜ ਜਾਵੇਗੀ। ਪੀਏਪੀ ਕੰਪਲੈਕਸ ਸਾਹਮਣੇ ਸਰਵਿਸ ਰੋਡ ’ਤੇ ਬਣਨ ਵਾਲੇ ਇਸ ਰੈਂਪ ’ਤੇ ਕਰੀਬ 4.50 ਕਰੋੜ ਰੁਪਏ ਖਰਚ ਹੋਣਗੇ। ਰੈਂਪ 300 ਮੀਟਰ ਲੰਬਾ ਤੇ 5.5 ਮੀਟਰ ਚੌੜਾ ਹੋਵੇਗਾ। ਇਸ ਦੀ ਤਿਆਰੀ ਲਈ ਇਕ ਸਾਲ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ, ਹਾਲਾਂਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ ਕੰਮ ਪੂਰਾ ਹੋਣ ਦੀ ਉਮੀਦ ਹੈ।
---------------------------
ਰੈਂਪ ਬਣਨ ਨਾਲ ਖ਼ਤਮ ਹੋਵੇਗਾ 4 ਕਿੱਲੋਮੀਟਰ ਦਾ ਵਾਧੂ ਸਫ਼ਰ
ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਤੇ ਪਠਾਨਕੋਟ ਵੱਲ ਜਾਣ ਲਈ ਹੁਣ ਤੱਕ ਰਾਮਾਮੰਡੀ ਚੌਕ ਤੋਂ ਯੂ-ਟਰਨ ਲੈ ਕੇ ਵਾਪਸ ਆਉਣਾ ਪੈਂਦਾ ਸੀ, ਜਿਸ ਨਾਲ ਲਗਪਗ 4 ਕਿੱਲੋਮੀਟਰ ਦਾ ਵਾਧੂ ਸਫ਼ਰ ਕਰਨਾ ਪੈਂਦਾ ਸੀ। ਇਸ ਨਾਲ ਸਮੇਂ ਦੇ ਨਾਲ ਨਾਲ ਪੈਟਰੋਲ-ਡੀਜ਼ਲ ਦੀ ਵੀ ਵਾਧੂ ਖਪਤ ਹੁੰਦੀ ਸੀ। ਨਵੇਂ ਰੈਂਪ ਨਾਲ ਸ਼ਹਿਰ ਦੇ ਸਭ ਤੋਂ ਮਸਰੂਫ਼ ਜੰਕਸ਼ਨ ’ਤੇ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਸਮੱਸਿਆ ਦਾ ਹੱਲ ਨਿਕਲੇਗਾ। ਇਹ ਜੰਕਸ਼ਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਜੋੜਦਾ ਹੈ। ਨਾਲ ਹੀ ਗੁਰੂ ਨਾਨਕ ਪੁਰਾ ਰੇਲਵੇ ਕਰਾਸਿੰਗ ’ਤੇ ਵੀ ਟ੍ਰੈਫਿਕ ਦਾ ਦਬਾਅ ਘਟੇਗਾ। ਪੀਏਪੀ ਕੈਂਪਸ, ਗੁਰੂ ਨਾਨਕਪੁਰਾ, ਚੁਗਿੱਟੀ, ਲੱਧੇਵਾਲੀ, ਸੂਰਿਆ ਐਨਕਲੇਵ ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਸਮੇਤ ਦਰਜਨਾਂ ਕਾਲੋਨੀਆਂ ਦੇ ਵਸਨੀਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
-----------------------------
ਰੀਜਨਲ ਦਫ਼ਤਰ ਤੋਂ ਮਿਲ ਚੁੱਕੀ ਹੈ ਪ੍ਰਵਾਨਗੀ : ਰਿੰਕੂ
ਨਵੇਂ ਰੈਂਪ ਲਈ ਲੰਬੇ ਸਮੇਂ ਤੋਂ ਯਤਨ ਕਰ ਰਹੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਰੈਂਪ ਲਈ ਫੰਡ ਦੀ ਮਨਜ਼ੂਰੀ ਰੀਜਨਲ ਦਫ਼ਤਰ ਤੋਂ ਮਿਲ ਚੁੱਕੀ ਹੈ ਤੇ ਠੇਕੇਦਾਰ ਫਰਮ ਨੂੰ ਕੰਮ ਅਲਾਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਕਰਕੇ ਜਲਦ ਹੀ ਰੈਂਪ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ।