ਪਿਸਤੌਲ ਦਿਖਾ ਕੇ ਲੁਟੇਰੇ 2 ਲੱਖ ਦੀ ਨਕਦੀ ਲੈ ਹੋਏ ਫ਼ਰਾਰ
ਪਿਸਤੌਲ ਦਿਖਾ ਕੇ ਲੁਟੇਰੇ 2 ਲੱਖ ਦੀ ਨਗਦੀ ਲੈ ਹੋਏ ਫ਼ਰਾਰ, ਚੋਰਾਂ ਤੇ ਲੁਟੇਰਿਆਂ ਤੋਂ ਇਲਾਕਾ ਨਿਵਾਸੀ ਪਰੇਸ਼ਾਨ
Publish Date: Mon, 08 Dec 2025 10:32 PM (IST)
Updated Date: Mon, 08 Dec 2025 10:33 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ: ਥਾਣਾ ਲਾਂਬੜਾ ਖੇਤਰ ’ਚ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਆਮ ਗੱਲ ਬਣ ਚੁੱਕੀਆਂ ਹਨ। ਆਏ ਦਿਨ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਤੇ ਪੀੜਤ ਲੋਕ ਇਨਸਾਫ ਲਈ ਥਾਣੇ ਦੇ ਚੱਕਰ ਲਗਾਉਂਦੇ ਹਨ, ਪਰ ਹਾਲੇ ਤੱਕ ਕੋਈ ਵੱਡਾ ਨਤੀਜਾ ਨਹੀਂ ਨਿਕਲਿਆ। ਅੱਜ ਇਸ ਖੇਤਰ ’ਚ ਡਰ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਧਾਲੀਵਾਲ ਕਾਦੀਆਂ ਦੇ ਕਾਲਾ ਸੰਘਿਆ ਰੋਡ ’ਤੇ ਸਥਿਤ ਹਿੰਦੋਸਤਾਨ ਪੈਟਰੋਲੀਅਮ ਪੈਟਰੋਲ ਪੰਪ ’ਤੇ ਸ਼ਾਮ ਦੇ ਸਮੇਂ ਲੁੱਟ ਦੀ ਘਟਨਾ ਹੋਈ। ਪੈਟਰੋਲ ਪੰਪ ਦੇ ਮੁਲਾਜ਼ਮ ਹਰਸ਼ ਚੋਪੜਾਅਨੁਸਾਰ, ਸ਼ਾਮ ਸਾਢੇ ਵਜੇ ਦੇ ਕਰੀਬ ਪੈਟਰੋਲ ਪੰਪ ’ਤੇ ਚਾਰ ਮੁਲਾਜ਼ਮ ਹੋਰ ਮੌਜੂਦ ਸਨ। ਇਸ ਦੌਰਾਨ ਦੋ ਅਣਪਛਾਤਿਆਂ ਨੇ ਪੈਦਲ ਪੈਟਰੋਲ ਪੰਪ ’ਤੇ ਪੁੱਜ ਕੇ ਪਿਸਤੌਲ ਦਿਖਾਈ ਤੇ ਮੁਲਾਜ਼ਮਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦੋ ਕਾਮਿਆਂ ਨੂੰ ਕੁੱਟਮਾਰ ਕਰ ਕੇ ਕਮਰੇ ’ਚ ਬੰਦ ਕੀਤਾ ਤੇ 2 ਲੱਖ ਰੁਪਏ ਦੀ ਨਕਦੀ ਲੈ ਕੇ ਖੇਤਾਂ ਵੱਲ ਫਰਾਰ ਹੋ ਗਏ। ਪੀੜਤ ਵੱਲੋਂ ਘਟਨਾ ਦੀ ਸੂਚਨਾ ਲਾਂਬੜਾ ਪੁਲਿਸ ਨੂੰ ਦਿੱਤੀ ਗਈ। ਇਸ ਘਟਨਾ ਸਬੰਧੀ ਜਾਣਕਾਰੀ ਲਈ ਥਾਣਾ ਲਾਂਬੜਾ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਗਈ।