ਸੁਰੱਖਿਅਤ ਨਹੀਂ ਸੜਕਾਂ, ਤਿੰਨ ਬਲੈਕ ਸਪਾਟ ਕਾਗਜ਼ਾਂ 'ਚ ਖ਼ਤਮ
ਸੁਰੱਖਿਅਤ ਨਹੀਂ ਸੜਕਾਂ, ਤਿੰਨ ਬਲੈਕ ਸਪਾਟ ਕਾਗਜ਼ਾਂ 'ਚ ਖ਼ਤਮ, ਅਸਲ ਹਾਲਾਤ ਜਿਉਂ ਦੇ ਤਿਉਂ
Publish Date: Thu, 20 Nov 2025 08:49 PM (IST)
Updated Date: Thu, 20 Nov 2025 08:49 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ਦੇ ਬਲੈਕ ਸਪਾਟ ਹਾਲੇ ਵੀ ਖ਼ਤਰੇ ਦੀ ਘੰਟੀ ਵਜਾ ਰਹੇ ਹਨ। ਰਿਕਾਰਡਾਂ ’ਚ ਤਿੰਨ ਬਲੈਕ ਸਪਾਟਾਂ ਨੂੰ ਠੀਕ ਕਰਨ ਦਾ ਜ਼ਿਕਰ ਤਾਂ ਹੈ ਪਰ ਮੌਕੇ ’ਤੇ ਹਾਲਾਤ ਪਹਿਲਾਂ ਵਰਗੇ ਹੀ ਨੇ। ਪੀਏਪੀ ਚੌਕ, ਪਠਾਨਕੋਟ ਹਾਈਵੇ ਰੇਰੂ ਪਿੰਡ ਤੇ ਵਿਧੀਪੁਰ ਫਾਟਕ ’ਤੇ ਬਲੈਕ ਸਪਾਟ ਸਮੱਸਿਆ ਦੂਰ ਕਰਨ ਦੇ ਦਾਅਵੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਉਥੇ ਮੋਟਰ ਸਵਾਰ ਅਜੇ ਵੀ ਜੋਖ਼ਮ ਭਰੀ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਨਾਜਾਇਜ਼ ਕੱਟ, ਨਾਜਾਇਜ਼ ਪਾਰਕਿੰਗ, ਟ੍ਰੈਫ਼ਿਕ ਲਾਈਟਾਂ ਤੇ ਸਾਇਨ ਬੋਰਡਾਂ ਦੀ ਕਮੀ ਕਾਰਨ ਹਾਦਸੇ ਵੱਧ ਰਹੇ ਹਨ। ਏਡੀਸੀ ਅਮਨਿੰਦਰ ਕੌਰ ਨੇ ਕਿਹਾ ਕਿ ਐੱਨਐੱਚਏਆਈ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਸਮੇਤ ਸਾਰੇ ਵਿਭਾਗਾਂ ਨੂੰ ਸਮੇਂ-ਸਮੇਂ ’ਤੇ ਬਲੈਕ ਸਪਾਟ ਦੂਰ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਤੇ ਨਿਯਮਿਤ ਸਮੀਖਿਆ ਵੀ ਹੁੰਦੀ ਹੈ। ਟ੍ਰੈਫਿਕ ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਥਾਵਾਂ ’ਤੇ ਬੈਰੀਕੇਡਜ਼ ਲਾ ਕੇ ਆਰਜ਼ੀ ਹੱਲ ਕੀਤਾ ਗਿਆ ਹੈ ਪਰ ਕਈ ਵਾਰੀ ਇਥੋਂ ਬੈਰੀਕੇਡਜ਼ ਵੀ ਗਾਇਬ ਮਿਲਦੇ ਹਨ। ਪੀਏਪੀ ਚੌਕ ਫ਼ਲਾਈਓਵਰ ’ਤੇ ਤਾਂ ਜਿੱਥੇ ਰਸਤਾ ਬੰਦ ਕੀਤਾ ਗਿਆ ਸੀ, ਉੱਥੋਂ ਦੋ-ਪਹੀਆ ਸਵਾਰ ਬੇਖੌਫ ਫ਼ਲਾਈਓਵਰ ’ਤੇ ਚੜ੍ਹ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਰ-ਵਾਰ ਰਿਪੋਰਟਾਂ ਮੰਗੀਆਂ ਜਾਂਦੀਆਂ ਹਨ, ਪਰ ਬਲੈਕ ਸਪਾਟ ਘਟਣ ਦੀ ਬਜਾਏ ਵੱਧ ਰਹੇ ਹਨ। ਪਿਛਲੇ ਪੰਜ ਸਾਲਾਂ ’ਚ ਚਾਰ ਨਵੇਂ ਬਲੈਕ ਸਪਾਟ ਵਧ ਗਏ ਹਨ। ਜੇ ਵਿਭਾਗ ਆਪਣੇ-ਆਪਣੇ ਖੇਤਰ ’ਚ ਨਾਜਾਇਜ਼ ਕੱਟਾਂ ਨੂੰ ਬੰਦ ਕਰ ਦੇਣ ਤਾਂ ਕਈ ਬਲੈਕ ਸਪਾਟ ਆਪ ਹੀ ਖ਼ਤਮ ਹੋ ਸਕਦੇ ਹਨ। ਸਾਇਨ ਬੋਰਡ, ਸਟ੍ਰੀਟ ਲਾਈਟਾਂ ਤੇ ਰਿਫਲੈਕਟਰ ਲਾਉਣ ਨਾਲ ਵੀ ਹਾਲਾਤ ਕਾਫ਼ੀ ਸੁਧਰ ਸਕਦੇ ਹਨ। ਤੇਜ਼ ਰਫ਼ਤਾਰ, ਗਲਤ ਪਾਰਕਿੰਗ ਤੇ ਘੱਟ ਦ੍ਰਿਸ਼ਟਤਾ ਕਾਰਨ ਵੀ ਹਾਦਸਿਆਂ ’ਚ ਵਾਧਾ ਹੋ ਰਿਹਾ ਹੈ। --- ਬਲੈਕ ਸਪਾਟ ਦੂਰ ਕਰਨਾ ਵਿਭਾਗਾਂ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਟੀ, ਲੋਕ ਨਿਰਮਾਣ ਵਿਭਾਗ ਤੇ ਨਗਰ ਨਿਗਮ ਨੂੰ ਆਪੋ-ਆਪਣੇ ਖੇਤਰਾਂ ਦੇ ਬਲੈਕ ਸਪਾਟ ਦੂਰ ਕਰਨ ਦੀ ਡਿਊਟੀ ਦਿੱਤੀ ਜਾਂਦੀ ਹੈ। ਹਰ ਵਿਭਾਗ ਆਪਣੇ ਸਰੋਤਾਂ ਤੋਂ ਫੰਡ ਵਰਤਦਾ ਹੈ। ਇਸ ਤੋਂ ਇਲਾਵਾ, ਟ੍ਰੈਫ਼ਿਕ ਪੁਲਿਸ ਦੀ ਰਾਜ-ਪੱਧਰੀ ਕਮੇਟੀ ਵੀ ਇਨ੍ਹਾਂ ਥਾਵਾਂ ਦਾ ਮੁਆਇਨਾ ਕਰਦੀ ਹੈ, ਜਿਸ ਦੇ ਆਧਾਰ ’ਤੇ ਸੂਬਾ ਪੱਧਰ ’ਤੇ ਬਲੈਕ ਸਪਾਟ ਦੀ ਸੂਚੀ ਤਿਆਰ ਹੁੰਦੀ ਹੈ। ਕੰਮ ਜਾਰੀ ਹੈ। –ਅਮਨਿੰਦਰ ਕੌਰ, ਏਡੀਸੀ (ਜ), ਜਲੰਧਰ --- ਕੁਝ ਤਬਦੀਲੀਆਂ ਨਾਲ ਹੁੰਦਾ ਹੱਲ ਜਿੱਥੇ ਤਕਨੀਕੀ ਖਾਮੀਆਂ ਕਾਰਨ ਬਲੈਕ ਸਪਾਟ ਬਣਦੇ ਹਨ, ਉੱਥੇ ਤਕਨੀਕੀ ਕੰਮ ਲਾਜ਼ਮੀ ਹੈ ਪਰ ਕਈ ਥਾਵਾਂ ’ਤੇ ਸਿਰਫ਼ ਕੁਝ ਤਬਦੀਲੀਆਂ ਨਾਲ ਹੀ ਹਾਦਸੇ ਟਾਲ਼ੇ ਜਾ ਸਕਦੇ ਹਨ। ਮਿਸਾਲ ਵਜੋਂ ਕਈ ਵਾਰ ਵਾਹਨ ਡਿਵਾਈਡਰ ਨਾਲ ਟਕਰਾ ਕੇ ਰੇਲਿੰਗ ਤੋੜ ਦਿੰਦੇ ਹਨ, ਜਿਸ ਤੋਂ ਬਾਅਦ ਲੋਕ ਸ਼ਾਰਟਕੱਟ ਦੇ ਚੱਲਿਆਂ ਉਥੋਂ ਸੜਕ ਪਾਰ ਕਰਨ ਲੱਗ ਪੈਂਦੇ ਹਨ। ਲੋਕਾਂ ਨੂੰ ਵੀ ਸਾਵਧਾਨੀ ਦਿਖਾਉਣੀ ਚਾਹੀਦੀ ਹੈ। ਜਿੱਥੇ ਤਕਨੀਕੀ ਖਾਮੀ ਨਹੀਂ ਹੈ, ਉੱਥੇ ਜਾਗਰੂਕਤਾ ਤੇ ਟ੍ਰੈਫਿਕ ਨਿਯਮ ਪਾਲਣਾ ਨਾਲ ਬਲੈਕ ਸਪਾਟ ਦੂਰ ਹੋ ਸਕਦੇ ਹਨ। ਟ੍ਰੈਫਿਕ ਲਾਈਟਾਂ, ਹਰ ਮੋੜ ’ਤੇ ਸਾਈਨ ਬੋਰਡ ਤੇ ਰਿਫਲੈਕਟਰ ਲਾਉਣ ਨਾਲ ਹਾਲਾਤ ਵੱਡੇ ਪੱਧਰ ’ਤੇ ਸੁਧਰ ਸਕਦੇ ਹਨ। –ਨਵੀਨ ਮਿੱਤਲ, ਐਕਸਈਐਨ, ਪੀਡਬਲਯੂਡੀ, ਜਲੰਧਰ --- ਟ੍ਰੈਫਿਕ ਲਾਈਟਾਂ ’ਤੇ ਖਰਚੇ ਜਾਣਗੇ 12 ਲੱਖ ਕਿਸ਼ਨਗੜ੍ਹ ਦੇ ਬਿਆਸ ਪਿੰਡ ਟੀ-ਪੁਆਇੰਟ ’ਤੇ ਟ੍ਰੈਫਿਕ ਲਾਈਟਾਂ ਲਾਉਣ ਲਈ 12 ਲੱਖ ਰੁਪਏ ਖਰਚੇ ਜਾ ਰਹੇ ਹਨ। ਇਥੇ ਹੀ ਵਿਸ਼ਵ ਪ੍ਰਸਿੱਧ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਹਾਦਸੇ ’ਚ ਮੌਤ ਹੋਈ ਸੀ। ਲਾਈਟਾਂ ਨਾ ਹੋਣ ਕਰਕੇ ਤਿੰਨ ਪਾਸਿਆਂ ਤੋਂ ਵਾਹਨ ਤੇਜ਼ੀ ਨਾਲ ਲੰਘਦੇ ਹਨ। ਫੌਜਾ ਸਿੰਘ ਦੀ ਮੌਤ ਤੋਂ ਬਾਅਦ ਮੁੱਦਾ ਉੱਠਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਖ਼ਾਸ ਫੰਡ ਜਾਰੀ ਕਰਦੇ ਹੋਏ ਲਾਈਟਾਂ ਲਾਉਣ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ’ਚ ਹੋਰ ਵੀ ਕਈ ਥਾਵਾਂ ਹਨ ਜਿੱਥੇ ਸਾਇਨ ਬੋਰਡ ਤੇ ਟ੍ਰੈਫਿਕ ਲਾਈਟਾਂ ਦੀ ਕਮੀ ਹੈ।