ਐੱਨਓਸੀ ਲੈਣ ਆਏ ਸੇਵਾਮੁਕਤ ਪ੍ਰਿੰਸੀਪਲ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਮੌਤ
ਦੁਕਾਨ ਦੀ ਐੱਨਓਸੀ ਲੈਣ ਆਏ ਸੇਵਾਮੁਕਤ ਪ੍ਰਿੰਸੀਪਲ ਦੀ ਨਿਗਮ ਬਿਲਡਿੰਦ ਦੀ ਚੌਥੀ ਮੰਜ਼ਿਲ ਤੋਂ ਡਿੱਗਿਆ, ਮੌਤ
Publish Date: Tue, 18 Nov 2025 09:50 PM (IST)
Updated Date: Tue, 18 Nov 2025 09:52 PM (IST)

-ਮੇਅਰ ਵਨੀਤ ਧੀਰ ਤੇ ਡਿਪਟੀ ਮੇਅਰ ਮਲਕੀਤ ਸੁਭਾਨਾ ਬਜ਼ੁਰਗ ਨੂੰ ਇਲਾਜ ਲਈ ਸਿਵਲ ਹਸਪਤਾਲ ਲਈ ਪਹੁੰਚਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਬਿਲਡਿੰਗ ਦੀ ਚੌਥੀ ਮੰਜ਼ਲ ’ਤੇ ਮੰਗਲਵਾਰ ਦੁਪਹਿਰ ਇਕ ਵੱਡਾ ਹਾਦਸਾ ਵਾਪਰ ਗਿਆ। ਦੁਕਾਨ ਦੀ ਐੱਨਓਸੀ ਲੈਣ ਆਏ ਸੇਵਾਮੁਕਤ ਪ੍ਰਿੰਸੀਪਲ ਚੌਥੀ ਮੰਜ਼ਲ ਤੋਂ ਹੇਠਾਂ ਡਿੱਗ ਗਏ। ਗੁਰੂ ਨਾਨਕ ਨਗਰ, ਸਪੋਰਟਸ ਕਾਲਜ ਦੇ ਨੇੜੇ ਰਹਿਣ ਵਾਲੇ 71 ਸਾਲਾ ਸੁਖਨੰਦਨ ਲਾਲ ਦੇ ਡਿੱਗਣ ਦੌਰਾਨ ਉਨ੍ਹਾਂ ਦੇ ਮੁੰਹ ਤੇ ਸਿਰ ’ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਘਟਨਾ ਵਾਲੀ ਥਾਂ ਨੇੜੇ ਚਾਹ ਬਣਾਉਣ ਵਾਲੇ ਵਿਅਕਤੀ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੇਅਰ ਵਨੀਤ ਧੀਰ ਨੇ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਗੰਭੀਰ ਹਾਲਤ ’ਚ ਬਜ਼ੁਰਗ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ-3 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਨੰਦਨ ਲਾਲ ਦੋ ਬੱਚਿਆਂ ਦੇ ਪਿਤਾ ਸਨ ਤੇ ਪਿ੍ਰੰਸੀਪਲ ਸੇਵਾਮੁਕਤ ਹੋਏ ਸਨ। ਉਹ ਘਰ ’ਚ ਇਕ ਦੁਕਾਨ ਚਲਾਉਂਦੇ ਸਨ। ਮੰਗਲਵਾਰ ਦੁਪਹਿਰ ਉਹ ਨਗਰ ਨਿਗਮ ’ਚ ਦੁਕਾਨ ਦੀ ਐੱਨਓਸੀ ਲੈਣ ਲਈ ਚੌਥੀ ਮੰਜ਼ਿਲ ਤੇ ਗਏ ਸਨ, ਜਿੱਥੇ ਤੋਂ ਉਹ ਹੇਠਾਂ ਡਿੱਗ ਪਏ। ਉਨ੍ਹਾਂ ਨੂੰ ਕਈ ਗੰਭੀਰ ਚੋਟਾਂ ਲੱਗੀਆਂ। ਹਾਦਸੇ ਵੇਲੇ ਨੇੜੇ ਚਾਹ ਬਣਾਉਣ ਵਾਲੇ ਨੇ ਉੱਚੀ ਆਵਾਜ਼ ’ਚ ਰੌਲਾ ਪਾਇਆ। ਰੌਲਾ ਸੁਣ ਕੇ ਮੇਅਰ ਵਨੀਤ ਧੀਰ ਤੇ ਡਿਪਟੀ ਮੇਅਰ ਮਲਕੀਤ ਸੁਭਾਨਾ ਮੌਕੇ ਤੇ ਪੁੱਜੇ। ਉਨ੍ਹਾਂ ਨੇ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਸੁਖਨੰਦਨ ਲਾਲ ਨੂੰ ਸਿਵਲ ਹਸਪਤਾਲ ਭੇਜਿਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਥਾਣਾ-3 ਦੇ ਜਾਂਚ ਅਧਿਕਾਰੀ ਏਐੱਸਆਈ ਸੁਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਨਿਤਿਨ ਦੇ ਬਿਆਨਾਂ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ।