ਸੇਵਾਮੁਕਤ ਕਰਨਲ ਨਾਲ ਟ੍ਰੇਡਿੰਗ ਐਪ ਦੇ ਨਾਂ ’ਤੇ ਸਾਢੇ 37 ਲੱਖ ਦੀ ਠੱਗੀ
ਰਿਟਾਇਰਡ ਕਰਨਲ ਨਾਲ ਜ਼ੀਰੋ ਟ੍ਰੇਡਿੰਗ ਐਪ ਦੇ ਨਾਮ ’ਤੇ 37.66 ਲੱਖ ਰੁਪਏ ਦੀ ਸਾਇਬਰ ਠੱਗੀ
Publish Date: Mon, 19 Jan 2026 08:53 PM (IST)
Updated Date: Mon, 19 Jan 2026 08:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਰਹਿੰਦੇ ਇਕ ਰਿਟਾਇਰਡ ਕਰਨਲ ਨਾਲ ਸਾਈਬਰ ਠੱਗਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਇਸ ਸਬੰਧੀ ਸਾਈਬਰ ਸੈਲ ’ਚ 18 ਜਨਵਰੀ 2025 ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਵ੍ਹਟਸਐਪ ਰਾਹੀਂ ਜ਼ੀਰੋ ਟ੍ਰੇਡਿੰਗ ਐਪ ’ਚ ਨਿਵੇਸ਼ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤਕਰਤਾ ਬਾਬਾ ਈਸ਼ਰ ਸਿੰਘ ਨਗਰ, ਧੀਨਾ ਨਿਵਾਸੀ ਰਿਟਾ. ਕਰਨਲ ਅਸ਼ੋਕ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮਾਂ ਨੇ ਵ੍ਹਟਸਐਪ ਜ਼ਰੀਏ ਸੰਪਰਕ ਕਰਕੇ ਉਨ੍ਹਾਂ ਨੂੰ ਜ਼ੀਰੋ ਟ੍ਰੇਡਿੰਗ ਐਪ ’ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ। ਸ਼ੁਰੂ ’ਚ ਮੁਨਾਫੇ ਦਾ ਭਰੋਸਾ ਦਿਵਾ ਕੇ ਉਨ੍ਹਾਂ ਤੋਂ ਵੱਖ-ਵੱਖ ਖਾਤਿਆਂ ’ਚ ਪੈਸੇ ਜਮ੍ਹਾਂ ਕਰਵਾਏ ਗਏ। ਹੌਲੀ-ਹੌਲੀ ਮੁਲਜ਼ਮਾਂ ਨੇ ਕੁੱਲ 37 ਲੱਖ 66 ਹਜ਼ਾਰ 144 ਰੁਪਏ ਦੀ ਰਕਮ ਹੜਪ ਲਈ। ਬਾਅਦ ’ਚ ਜਦੋਂ ਪੀੜਤ ਨੇ ਪੈਸੇ ਕੱਢਣ ਜਾਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਗਾਇਬ ਹੋ ਗਏ। ਜਿਹੜੇ ਨੰਬਰ ’ਤੇ ਉਹ ਅਕਸਰ ਗੱਲ ਕਰਦੇ ਸਨ, ਉਹ ਵੀ ਬੰਦ ਆਉਣ ਲੱਗ ਪਿਆ। ਇਸ ਮਾਮਲੇ ’ਚ ਪੁਲਿਸ ਨੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਕੁੱਲ ਨੌਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ’ਚ ਮਨੀਸ਼ (ਨਾਗਪੁਰ, ਮਹਾਰਾਸ਼ਟਰ), ਮੁਦ ਰਜ਼ਾ (ਇੰਗਲੈਂਡ), ਵਿਜੈ ਸਿੰਥਲ (ਦਿੱਲੀ), ਬਾਨੀ ਸ਼ਾਲਮ (ਤਾਮਿਲਨਾਡੁ), ਮਾਸਿਕ ਅਗਰਵਾਲ (ਉੱਤਰ ਪ੍ਰਦੇਸ਼), ਗੋਪਾਲ (ਦਿੱਲੀ), ਜਸਪਾਲ ਸਿੰਘ (ਗੁਜਰਾਤ), ਇੰਟਰਰਸ ਫੂਡ ਸਾਲਿਊਸ਼ਨ (ਤੇਲੰਗਾਨਾ) ਤੇ ਆਜ਼ਾਦ ਨੇਸ਼ਨਲ (ਹਰਿਆਣਾ) ਸ਼ਾਮਲ ਹਨ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮਾਮਲੇ ਦੀ ਜਾਂਚ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਸੌਂਪੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਸੰਗਠਿਤ ਸਾਇਬਰ ਠੱਗੀ ਦਾ ਮਾਮਲਾ ਹੈ, ਜਿਸ ’ਚ ਡਿਜੀਟਲ ਪਲੇਟਫਾਰਮ ਤੇ ਨਕਲੀ ਨਿਵੇਸ਼ ਐਪ ਦੀ ਵਰਤੋਂ ਕੀਤੀ ਗਈ। ਮੁਲਜ਼ਮਾਂ ਦੇ ਬੈਂਕ ਖਾਤਿਆਂ, ਮੋਬਾਈਲ ਨੰਬਰਾਂ ਤੇ ਡਿਜੀਟਲ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਸਬੰਧਤ ਸੂਬਿਆਂ ਦੀ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ ਹੈ।