ਸ਼ਹੀਦਾਂ ਦੇ ਪਹਿਰਾਵੇ ’ਚ ਸਜੇ ਵਿਦਿਆਰਥੀ ਬਣੇ ਖਿੱਚ ਦਾ ਕੇਂਦਰ
ਸੇਂਟ ਮਨੂੰਜ ਸਕੂਲ ਵਿਖੇ ਮਨਾਇਆ ਗਣਤੰਤਰ ਦਿਵਸ
Publish Date: Tue, 27 Jan 2026 08:58 PM (IST)
Updated Date: Tue, 27 Jan 2026 09:01 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੇਂਟ ਮਨੂੰਜ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ 77ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਕੂਲ ਪ੍ਰਧਾਨ ਅਸ਼ੋਕ ਜੈਨ, ਸਕੱਤਰ ਸੁਲਕਸ਼ਨ ਜਿੰਦਲ, ਪ੍ਰਿੰਸੀਪਲ ਰੀਤੂ ਪਾਠਕ, ਪ੍ਰਸ਼ਾਸਕ ਪ੍ਰਦੀਪ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਮੋਨਿਕਾ ਵਧਵਾ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਪੂਰੇ ਸਕੂਲ ਕੈਂਪਸ ਨੂੰ ਤਿਰੰਗੇ ਝੰਡਿਆਂ ਅਤੇ ਦੇਸ਼ ਭਗਤੀ ਦੇ ਸਲੋਗਨਾਂ ਵਾਲੇ ਪੋਸਟਰਾਂ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ। ਸਮਾਗਮ ਦੀ ਸ਼ੁਰੂਆਤ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਵਿਚਾਰ ਅਤੇ ਖਬਰਾਂ ਪੇਸ਼ ਕਰਕੇ ਮਾਹੌਲ ਨੂੰ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗ ਦਿੱਤਾ। ਸੰਬੋਧਨ ਕਰਦਿਆਂ ਪ੍ਰਿੰਸੀਪਲ ਰੀਤੂ ਪਾਠਕ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਬੱਚਿਆਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਨੂੰ ਅਪਣਾਉਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ। ਸਮਾਗਮ ਦੌਰਾਨ ਨਰਸਰੀ ਤੋਂ ਕੇਜੀ ਕਲਾਸ ਤੱਕ ਦੇ ਨੰਨ੍ਹੇ ਵਿਦਿਆਰਥੀਆਂ ਲਈ ‘ਝੰਡਾ ਬਣਾਉਣ’ ਦੀ ਗਤੀਵਿਧੀ ਕਰਵਾਈ ਗਈ। ਛੋਟੇ ਬੱਚੇ ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਅਤੇ ਫੌਜੀ ਜਵਾਨਾਂ ਦੇ ਪਹਿਰਾਵੇ ਵਿੱਚ ਸਜ ਕੇ ਸਕੂਲ ਪਹੁੰਚੇ, ਜੋ ਸਭ ਦੀ ਖਿੱਚ ਦਾ ਕੇਂਦਰ ਬਣੇ। ਪ੍ਰਸ਼ਾਸ਼ਕ ਪ੍ਰਦੀਪ ਕੁਮਾਰ ਅਤੇ ਪ੍ਰਿੰਸੀਪਲ ਰੀਤੂ ਪਾਠਕ ਨੇ ਸਾਂਝੇ ਤੌਰ ‘ਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਗਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਪ੍ਰਣ ਲਿਆ।