ਲਤੀਫਪੁਰਾ ਰੋਡ ’ਤੇ ਕਬਜ਼ੇ ਖਾਲੀ ਕਰਵਾਉਣ ਸਬੰਧੀ 21 ਜਨਵਰੀ ਨੂੰ ਹਾਈਕੋਰਟ ’ਚ ਦੇਣੀ ਹੈ ਰਿਪੋਰਟ, ਕਾਰਵਾਈ ਲਈ ਅੱਜ ਹੀ ਬਚਿਆ ਸਮਾਂ

-ਹਾਈਕੋਰਟ ’ਚ ਚੱਲ ਰਿਹਾ ਹੈ ਉਲੰਘਣਾ ਦਾ ਕੇਸ, ਦਸੰਬਰ 2022 ਤੋਂ ਬੰਦ ਹੈ 120 ਫੁੱਟੀ ਰੋਡ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਜਲੰਧਰ : ਲਤੀਫਪੁਰਾ ’ਚ ਗੈਰ-ਕਾਨੂੰਨੀ ਕਬਜ਼ੇ ਖਾਲੀ ਕਰਵਾਉਣ ਲਈ ਇੰਪਰੂਵਮੈਂਟ ਟਰੱਸਟ ਵੱਲੋਂ ਡਿੱਚ ਮਸ਼ੀਨ ਚਲਾ ਕੇ ਕੀਤੀ ਗਈ ਕਾਰਵਾਈ ਹੁਣ ਸ਼ਹਿਰ ਦੇ ਲੋਕਾਂ ਲਈ ਸ਼ਰਾਪ ਬਣ ਚੁੱਕੀ ਹੈ। ਦਸੰਬਰ 2022 ’ਚ ਹੋਈ ਕਾਰਵਾਈ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਵੱਲੋਂ 120 ਫੁੱਟੀ ਸੜਕ ਨੂੰ ਬੰਦ ਕਰਕੇ ਸ਼ੁਰੂ ਕੀਤਾ ਗਿਆ ਸੰਘਰਸ਼ ਅਜੇ ਤੱਕ ਖਤਮ ਨਹੀਂ ਹੋ ਸਕਿਆ ਤੇ ਨਾ ਹੀ ਸੜਕ ’ਤੇ ਆਵਾਜਾਈ ਮੁੜ ਸ਼ੁਰੂ ਹੋ ਸਕੀ ਹੈ। ਇੱਥੋਂ ਤੱਕ ਕਿ ਹਾਈਕੋਰਟ ਦੇ ਹੁਕਮਾਂ ਤੇ ਫਿਰ ਅਦਾਲਤ ਦੀ ਉਲੰਘਣਾ ਦੇ ਕੇਸ ਦੇ ਬਾਵਜੂਦ ਲਤੀਫਪੁਰਾ ਰੋਡ ਕਬਜ਼ਿਆਂ ਤੋਂ ਖਾਲੀ ਨਹੀਂ ਹੋ ਸਕੀ। 22 ਦਸੰਬਰ 2025 ਨੂੰ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੜਕ ਤੋਂ ਕਬਜ਼ੇ ਖਾਲੀ ਕਰਵਾ ਕੇ 21 ਜਨਵਰੀ ਦੀ ਸੁਣਵਾਈ ’ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਪਰ 19 ਜਨਵਰੀ ਦੀ ਸ਼ਾਮ ਤੱਕ ਇਸ ਮਾਮਲੇ ’ਚ ਪ੍ਰਸ਼ਾਸਨ ਜਾਂ ਇੰਪਰੂਵਮੈਂਟ ਟਰੱਸਟ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਸਵਾਲ ਖੜ੍ਹਾ ਹੁੰਦਾ ਹੈ ਕਿ ਹੁਣ ਬਚੇ ਇਕ ਦਿਨ ਦੇ ਸਮੇਂ ’ਚ ਪ੍ਰਸ਼ਾਸਨ ਕਦੋਂ ਤੇ ਕਿਵੇਂ ਕਾਰਵਾਈ ਕਰੇਗਾ। ਨਾਲ ਹੀ ਇਹ ਵੀ ਸਵਾਲ ਹੈ ਕਿ ਹਾਈਕੋਰਟ ਦੀ ਸੁਣਵਾਈ ਦੌਰਾਨ ਕਿਹੜੀ ਰਿਪੋਰਟ ਪੇਸ਼ ਕੀਤੀ ਜਾਵੇਗੀ।
------------------------
ਜੁਲਾਈ 2025 ’ਚ ਹਾਈਕੋਰਟ ਨੇ ਦਿੱਤਾ ਸੀ ਰੋਡ ਖਾਲੀ ਕਰਵਾਉਣ ਦਾ ਹੁਕਮ
ਲਤੀਫਪੁਰਾ-ਗੁਰੂ ਤੇਗ ਬਹਾਦੁਰ ਨਗਰ ਦੀ 120 ਫੁੱਟੀ ਸੜਕ ’ਤੇ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਹਾਈਕੋਰਟ ਨੇ 29 ਜੁਲਾਈ 2025 ਨੂੰ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਸੀ ਪਰ ਲਗਪਗ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਬਜ਼ੇ ਖਾਲੀ ਨਹੀਂ ਹੋਏ। ਇਸ ਤੋਂ ਬਾਅਦ ਪਟੀਸ਼ਨਰ ਦੇ ਵਕੀਲ ਨੇ 15 ਦਿਨਾਂ ’ਚ ਕਬਜ਼ੇ ਨਾ ਹਟਾਉਣ ਦੀ ਸੂਰਤ ’ਚ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਮਾਣਹਾਨੀ ਕੇਸ ਕਰਨ ਦਾ ਨੋਟਿਸ ਦਿੱਤਾ ਸੀ। ਬਾਅਦ ’ਚ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ਪ੍ਰਸ਼ਾਸਨ ਵੱਲੋਂ 15 ਦਿਨ ਦੀ ਮੋਹਲਤ ਮੰਗੀ ਗਈ, ਜਿਸ ’ਤੇ ਅਦਾਲਤ ਨੇ ਕਬਜ਼ੇ ਖਾਲੀ ਕਰਵਾ ਕੇ 21 ਜਨਵਰੀ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ।
------------------------
ਗੁਰਦੁਆਰਾ ਸਾਹਿਬ, ਮੰਦਰ, ਸਕੂਲ, ਹਸਪਤਾਲ ਸਮੇਤ ਦਰਜਨਾਂ ਕਾਲੋਨੀਆਂ ਨੂੰ ਮਿਲੇਗਾ ਰਾਹ
ਕੁਝ ਮਹੀਨੇ ਪਹਿਲਾਂ ਇਲਾਕੇ ਤੇ ਆਲੇ-ਦੁਆਲੇ ਦੀਆਂ ਧਾਰਮਿਕ, ਸਮਾਜਿਕ ਤੇ ਸ਼ਾਪਕੀਪਰਜ਼ ਐਸੋਸੀਏਸ਼ਨਾਂ ਨੇ ਜਨ ਪ੍ਰਤੀਨਿਧੀਆਂ ਦੀ ਅਗਵਾਈ ਹੇਠ ਇਕੱਠੇ ਹੋ ਕੇ ਲਤੀਫਪੁਰਾ ਦੀ ਬੰਦ ਸੜਕ ਖੁਲ੍ਹਵਾਉਣ ਲਈ ਜੀਟੀਬੀ ਨਗਰ ਮਾਰਕੀਟ ’ਚ ਧਰਨਾ ਦਿੱਤਾ ਸੀ। ਕਾਰਨ ਇਹ ਹੈ ਕਿ ਪਿਛਲੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ 120 ਫੁੱਟੀ ਰੋਡ ਬੰਦ ਪਈ ਹੈ। ਇਸ ਕਾਰਨ ਗੁਰਦੁਆਰਾ ਸਾਹਿਬ, ਮੰਦਰ, ਸਕੂਲ, ਹਸਪਤਾਲ, ਮਾਡਲ ਟਾਊਨ ਸ਼ਮਸ਼ਾਨ ਭੂਮੀ ਸਮੇਤ ਦਰਜਨਾਂ ਕਾਲੋਨੀਆਂ ਦਾ ਰਸਤਾ ਬੰਦ ਹੈ। ਪੀਪੀਆਰ ਮਾਰਕੀਟ ਸਮੇਤ ਅਰਬਨ ਐਸਟੇਟ, ਮਿੱਠਾਪੁਰ ਤੇ ਵਡਾਲਾ ਚੌਕ ਜਾਣ ਲਈ ਇਹ ਸੜਕ ਮੁੱਖ ਰਸਤਾ ਹੈ। ਕਾਰਵਾਈ ਤੋਂ ਬਾਅਦ ਤੋਂ ਹੀ ਲਤੀਫਪੁਰਾ ਪੁਨਰਵਾਸ ਮੋਰਚਾ ਦੇ ਬੈਨਰ ਹੇਠ ਪ੍ਰਭਾਵਿਤ ਪਰਿਵਾਰ ਸੜਕ ’ਤੇ ਟੈਂਟ ਲਗਾ ਕੇ ਰੋਜ਼ਾਨਾ ਧਰਨਾ ਦੇ ਰਹੇ ਹਨ। ਰੋਡ ਤੋਂ ਕਬਜ਼ੇ ਖਾਲੀ ਹੋਣ ਤੋਂ ਬਾਅਦ ਵੱਡੀ ਆਬਾਦੀ ਨੂੰ ਸਵੇਰ-ਸ਼ਾਮ ਦੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
--------------------
ਬਦਲਵਾਂ ਰਾਹ ਸਿਰਫ਼ ਤੰਗ ਤੇ ਖਸਤਾ ਸੜਕ
ਲਤੀਫਪੁਰਾ ਤੋਂ ਲੰਘਦੀ 120 ਫੁੱਟੀ ਰੋਡ ਬੰਦ ਹੋਣ ਤੋਂ ਬਾਅਦ ਨੇੜਲੇ ਮੰਦਰ ਦੇ ਸਾਹਮਣੇ ਤੋਂ ਲੰਘਦੀ ਇਕੱਲੀ ਕਰੀਬ 16 ਫੁੱਟ ਚੌੜੀ ਸੜਕ ਹੀ ਬਦਲ ਰਹਿ ਗਈ ਹੈ, ਜੋ ਪਿਛਲੇ ਦੋ ਸਾਲਾਂ ਤੋਂ ਬਹੁਤ ਖਸਤਾ ਹਾਲਤ ’ਚ ਹੈ। ਲੋਕਾਂ ਵੱਲੋਂ ਕਈ ਵਾਰ ਨਵੀਂ ਸੜਕ ਬਣਾਉਣ ਦੀ ਮੰਗ ਕੀਤੀ ਗਈ ਪਰ ਕਦੇ ਸੀਵਰ ਲਾਈਨ ਪਾਉਣ ਤੇ ਕਦੇ ਠੰਢ ਦਾ ਹਵਾਲਾ ਦੇ ਕੇ ਕੰਮ ਟਾਲਿਆ ਜਾਂਦਾ ਰਿਹਾ। ਟੋਇਆਂ ’ਚ ਤਬਦੀਲ ਹੋ ਚੁੱਕੀ ਇਸ ਸੜਕ ’ਤੇ ਸਵੇਰ-ਸ਼ਾਮ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
------------------------
ਪਾਣੀ ਦੀ ਪਾਈਪਲਾਈਨ ਪਾਉਣ ਦਾ ਕੰਮ ਵੀ ਲਟਕਿਆ
ਸਮਾਰਟ ਸਿਟੀ ਦੇ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਪਾਣੀ ਦੀ ਪਾਈਪਲਾਈਨ ਪਾਉਣ ਦਾ ਕੰਮ ਵੀ ਲਤੀਫਪੁਰਾ ਰੋਡ ਬੰਦ ਹੋਣ ਕਾਰਨ ਕਈ ਮਹੀਨਿਆਂ ਤੋਂ ਲਟਕਿਆ ਹੋਇਆ ਹੈ। ਮਾਡਲ ਟਾਊਨ ਸ਼ਮਸ਼ਾਨ ਭੂਮੀ ਦੇ ਨੇੜੇ ਰਿਜ਼ਰਵਾਇਰ ਬਣਿਆ ਹੋਇਆ ਹੈ, ਜਿੱਥੋਂ ਪਾਈਪਲਾਈਨ ਨੂੰ ਜੋੜਿਆ ਜਾਣਾ ਹੈ। ਪਹਿਲਾਂ ਇਹ ਪਾਈਪਲਾਈਨ ਮੈਨਬਰੋ ਚੌਕ ਤੋਂ ਜੀਟੀਬੀ ਨਗਰ ਰਾਹੀਂ ਪਾਉਣ ਦੀ ਯੋਜਨਾ ਸੀ ਪਰ ਵਿਰੋਧ ਕਾਰਨ ਪੁਰਾਣੀ ਯੋਜਨਾ ਅਨੁਸਾਰ ਲਤੀਫਪੁਰਾ ਰੋਡ ਰਾਹੀਂ ਹੀ ਪਾਈਪਲਾਈਨ ਪਾਉਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਰੋਡ ਤੋਂ ਕਬਜ਼ੇ ਖਾਲੀ ਹੋਣ ਦੀ ਉਡੀਕ ’ਚ ਲਤੀਫਪੁਰਾ ਦੇ ਮੁਹਾਨੇ ਤੱਕ ਪਾਈਪ ਪਾ ਕੇ ਅੱਗੇ ਦਾ ਕੰਮ ਲਟਕਿਆ ਪਿਆ ਹੈ।