ਹਾਲਾਂਕਿ, ਦਿਨ ਚੜ੍ਹਨ ਦੇ ਨਾਲ ਬੱਦਲ ਛੱਟਣ ਲੱਗ ਪਏ ਅਤੇ ਧੁੱਪ ਫਿਰ ਆਮ ਦਿਨਾਂ ਵਾਂਗ ਤਿੱਖੀ ਹੋ ਗਈ, ਜਿਸ ਨਾਲ ਗਰਮੀ ਨੇ ਦੁਬਾਰਾ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਇਹ ਰਾਹਤ ਜ਼ਿਆਦਾ ਸਮੇਂ ਲਈ ਕਾਇਮ ਨਹੀਂ ਰਹੀ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿਛਲੇ ਕਈ ਦਿਨਾਂ ਤੋਂ ਅੱਗ ਉਗਲ ਰਹੀ ਭਿਆਨਕ ਗਰਮੀ ਅਤੇ ਕਹਿਰ ਦੀ ‘ਲੂ’ ਦਾ ਸਾਹਮਣਾ ਕਰ ਰਹੇ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੱਡੀ ਰਾਹਤ ਮਿਲੀ। ਵੀਰਵਾਰ ਨੂੰ ਹੋਈ ਹਲਕੀ ਬੱਦਲਵਾਈ ਅਤੇ ਬੂੰਦਾਬਾਂਦੀ ਤੋਂ ਬਾਅਦ ਅੱਜ ਸਵੇਰੇ ਤੜਕੇ ਹੀ ਮੌਸਮ ਨੇ ਇਕ ਵਾਰ ਫਿਰ ਅਚਾਨਕ ਕਰਵਟ ਲੈ ਲਈ।
ਸਵੇਰੇ ਤੜਕਸਾਰ ਆਸਮਾਨ ਵਿੱਚ ਗੂੜ੍ਹੇ ਬੱਦਲ ਛਾ ਗਏ ਅਤੇ ਗੜਗੜਾਹਟ ਦੇ ਨਾਲ ਕਈ ਥਾਵਾਂ ‘ਤੇ ਰੁਕ-ਰੁਕ ਕੇ ਮੀਂਹ ਦੇ ਛਰਾਟੇ ਅਤੇ ਛਿੱਟਾਂ ਪੈਂਦੀਆਂ ਰਹੀਆਂ। ਇਹ ਸਿਲਸਿਲਾ ਲਗਭਗ ਸਵੇਰੇ ਸਾਢੇ ਸੱਤ ਵਜੇ ਤੱਕ ਜਾਰੀ ਰਿਹਾ। ਸਵੇਰ ਦੇ ਸਮੇਂ ਪਏ ਇਸ ਮੀਂਹ ਨਾਲ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਅਤੇ ਲੋਕਾਂ ਨੂੰ ਤਪਦੀ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ। ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ, ਖ਼ਾਸ ਕਰਕੇ ਮਾਲ ਰੋਡ, ਗਿੱਲੀਆਂ ਨਜ਼ਰ ਆਈਆਂ ਅਤੇ ਸਵੇਰੇ ਮੌਸਮ ਸੁਹਾਵਣਾ ਬਣਿਆ ਰਿਹਾ।
ਯਾਦ ਰਹੇ ਕਿ ਇਸ ਤੋਂ ਇਕ ਦਿਨ ਪਹਿਲਾਂ ਵੀ ਸਵੇਰੇ ਕਰੀਬ 10 ਵਜੇ ਤੋਂ ਬਾਅਦ ਅਚਾਨਕ ਬੱਦਲਵਾਈ ਹੋਈ ਸੀ ਅਤੇ ਕਈ ਥਾਵਾਂ ‘ਤੇ 8 ਤੋਂ 10 ਮਿੰਟ ਲਈ ਹਲਕੀ ਬਾਰਿਸ਼ ਦਰਜ ਕੀਤੀ ਗਈ ਸੀ। ਦੋ ਦਿਨਾਂ ਤੋਂ ਲਗਾਤਾਰ ਬੱਦਲਾਂ ਦੀ ਆਵਾਜਾਈ ਅਤੇ ਹਲਕੀ ਬਾਰਿਸ਼ ਕਾਰਨ ਮੌਸਮ ਦੀ ਗਰਮਾਹਟ ਵਿੱਚ ਕੁਝ ਕਮੀ ਆਈ ਹੈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਹਾਲਾਂਕਿ, ਦਿਨ ਚੜ੍ਹਨ ਦੇ ਨਾਲ ਬੱਦਲ ਛੱਟਣ ਲੱਗ ਪਏ ਅਤੇ ਧੁੱਪ ਫਿਰ ਆਮ ਦਿਨਾਂ ਵਾਂਗ ਤਿੱਖੀ ਹੋ ਗਈ, ਜਿਸ ਨਾਲ ਗਰਮੀ ਨੇ ਦੁਬਾਰਾ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਇਹ ਰਾਹਤ ਜ਼ਿਆਦਾ ਸਮੇਂ ਲਈ ਕਾਇਮ ਨਹੀਂ ਰਹੀ।
ਇੱਥੇ ਦੱਸਣਯੋਗ ਹੈ ਕਿ ਅਧਿਕਾਰਕ ਸਰੋਤਾਂ ਅਨੁਸਾਰ ਉੱਤਰੀ ਖੇਤਰ ਵਿੱਚ ਹੀਟ ਵੇਵ ਨੇ ਗੰਭੀਰ ਰੂਪ ਧਾਰਨ ਕੀਤਾ ਹੋਇਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਗਰਮੀ ਦੀ ਚੇਤਾਵਨੀ ਨੂੰ ‘ਯੈਲੋ’ ਤੋਂ ‘ਓਰੇਂਜ ਅਲਰਟ’ ਵਿੱਚ ਅਪਗ੍ਰੇਡ ਕੀਤਾ ਗਿਆ ਹੈ, ਜਿਸਦਾ ਅਰਥ ਹੈ ਕਿ ਲੋਕਾਂ ਨੂੰ ਵੱਧ ਸਾਵਧਾਨੀ ਅਤੇ ਤਿਆਰੀ ਰੱਖਣ ਦੀ ਲੋੜ ਹੈ। ਵਿਭਾਗ ਵੱਲੋਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਐਤਵਾਰ ਤੱਕ ਗੰਭੀਰ ਲੂ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਭਾਵੇਂ ਮੌਸਮ ਵਿਭਾਗ ਨੇ ਤੀਬਰ ਗਰਮੀ ਅਤੇ ਸੁੱਕੇ ਮੌਸਮ ਦੀ ਭਵਿੱਖਬਾਣੀ ਕੀਤੀ ਸੀ, ਪਰ ਹੁਸ਼ਿਆਰਪੁਰ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਹੋਈ ਹਲਕੀ ਬਾਰਿਸ਼ ਅਤੇ ਬੱਦਲਵਾਈ ਨੇ ਲੋਕਾਂ ਨੂੰ ਅੱਗ ਵਰਗੀ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਜ਼ਰੂਰ ਦਿਵਾਈ ਹੈ।