ਮੱਧ ਪੂਰਬੀ ਦੇਸ਼ਾਂ ਨਾਲ ਵਾਪਰ ਖੋਲ੍ਹਣ ਲਈ ਮੁੜ ਸਥਾਪਤ ਹੋਵੇ ਸਿਲਕ ਰੂਟ : ਸੰਧਵਾਂ
ਮੱਧ ਪੂਰਬੀ ਦੇਸਾਂ ਨਾਲ ਵਾਪਰ ਖੋਲ੍ਹਣ ਲਈ ਮੁੜ ਸਥਾਪਤ ਹੋਵੇ ਸਿਲਕ ਰੂਟ-ਸੰਧਵਾਂ
Publish Date: Tue, 27 Jan 2026 08:10 PM (IST)
Updated Date: Tue, 27 Jan 2026 08:13 PM (IST)

-ਕਿਹਾ, ਉੱਤਰੀ ਭਾਰਤ ਦੇ ਕਾਰੋਬਾਰੀਆਂ ਤੇ ਕਿਸਾਨਾਂ ਨੂੰ ਪੁੱਜੇਗਾ ਲਾਹਾ -ਸਪੀਕਰ ਨੇ ਨੌਜਵਾਨਾਂ ਨੂੰ ਸਿਆਸਤ ’ਚ ਆਉਣ ਦਾ ਦਿੱਤਾ ਸੱਦਾ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਮੱਧ ਪੂਰਬੀ ਦੇਸ਼ਾਂ ਤੱਕ ਵਾਪਰ ਖੋਲ੍ਹਣ ਲਈ ਮੁੜ ਸਿਲਕ ਰੂਟ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਿਲਕ ਰੋਡ ਦੀ ਮੁੜ ਸਥਾਪਤੀ ਹੁੰਦੀ ਹੈ ਤਾਂ ਇਸ ਨਾਲ ਉੱਤਰੀ ਭਾਰਤ ਦੇ ਕਾਰੋਬਾਰੀਆਂ ਤੇ ਕਿਸਾਨਾਂ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ। ਉਹ ਆਈਕੇਜੀ ਪੀਟੀਯੂ ਤੇ ਯੂਨੀਵਰਸਲ ਬਿਜ਼ਨਸ ਸਕੂਲ ਆਫ਼ ਸਿਡਨੀ ਆਸਟ੍ਰੇਲੀਆ ਵਿਚਲੇ ਹੋਏ ਸਮਝੌਤੇ ਮੌਕੇ ਕਰਵਾਏ ਸਮਾਗਮ ਦੌਰਾਨ ਪੁੱਜੇ ਹੋਏ ਸਨ। ਇਸ ਉਪਰੰਤ ਗੱਲਬਾਤ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਿਲਕ ਰੂਟ ਮੱਧ ਪੂਰਬ ਤੱਕ ਜਾਣ ਨਾਲ ਦੇਸ਼ ਦੇ ਕਾਰੋਬਾਰੀਆਂ ਤੇ ਵਾਪਰੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰਨ ’ਚ ਸਹਾਇਕ ਸਿੱਧ ਹੋਵੇਗਾ ਤੇ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਵੀ ਇਸ ਦਾ ਵੱਡਾ ਲਾਭ ਮਿਲੇਗਾ। ਇਹ ਸਿਲਕ ਰੂਟ ਮੱਧ ਪੂਰਬੀ ਦੇਸ਼ਾਂ ਲਈ ਵੀ ਜੀਵਨ ਰੇਖਾ ਵਾਂਗ ਕੰਮ ਕਰੇਗਾ। ਸਪੀਕਰ ਸੰਧਵਾਂ ਨੇ ਮੱਧ ਪੂਰਬੀ ਦੇਸ਼ਾਂ ’ਤੇ ਮੰਡਰਾਉਂਦੇ ਜੰਗ ਦੇ ਖਤਰਿਆਂ ਬਾਰੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਤਾਂ ਸਰਬੱਤ ਦੇ ਭਲੇ ਦਾ ਸੰਕਲਪ ਹੈ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਈ ਨੂੰ ਦਿੱਤਾ ਸੀ। ਦੁਨੀਆ ਵਿਚ ਸ਼ਾਂਤੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ’ਤੇ ਚੱਲ ਕੇ ਹੀ ਹੋਵੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਵੱਡੀ ਸ਼ਾਜਿਸ ਤਹਿਤ ਪੰਜਾਬ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ। ਪਹਿਲਾਂ 200 ਸਾਲ ਤੱਕ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ। ਹੁਣ ਵੀ ਪੰਜਾਬ ਨੂੰ ਅੱਤਵਾਦ ਦੇ ਨਾਂ ’ਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪੰਜਾਬ ਵਰਗਾ ਪਾਣੀ, ਮੌਸਮ, ਇਥੋਂ ਦੀ ਧਰਤੀ ਤੇ ਇਸ ਮਿੱਟੀ ਵਿਚ ਪੈਦਾ ਹੁੰਦੇ ਅਨਾਜ ਦਾ ਸੁਆਦ ਦੁਨੀਆ ’ਚ ਕਿਤੇ ਨਹੀਂ ਮਿਲਦਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਿਆਸਤ ’ਚ ਜ਼ਰੂਰ ਆਉਣ ਕਿਉਂਕਿ ਸਭ ਤੋਂ ਵੱਧ ਫੈਸਲੇ ਸਿਆਸਤਦਾਨ ਹੀ ਕਰਦੇ ਹਨ, ਜਦੋਂ ਉਹ ਸੱਤਾ ਵਿਚ ਹੁੰਦੇ ਹਨ। ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਹੀ 2022 ’ਚ ਪੰਜਾਬ ਵਿੱਚ ਵੱਡਾ ਸਿਆਸੀ ਬਦਲਾਅ ਲਿਆਂਦਾ ਸੀ ਜਿਸ ਨੂੰ ਸਥਾਪਿਤ ਰਾਜਨੀਤਿਕ ਪਾਰਟੀਆਂ ਦੇ ਚਿੱਤ ਚੇਤੇ ਵੀ ਨਹੀਂ ਸੀ। ਸੰਧਵਾਂ ਨੇ ਕਿਹਾ ਕਿ ਸੇਵਾ ਦਾ ਸੰਕਲਪ ਪੰਜਾਬੀਆਂ ਨੂੰ ਵਿਰਸੇ ’ਚ ਮਿਲਿਆ ਹੈ। ਉਨ੍ਹਾਂ ਮੰਚ ’ਤੇ ਬੈਠੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੇਵਾ ਸਦਕਾ ਹੀ ਇਕ ਮਰੀ ਹੋਈ ਨਦੀ ਨੂੰ ਜਿਊਂਦਿਆਂ ਕਰ ਦਿੱਤਾ ਹੈ। ਇਹ ਸਾਰਾ ਕੁਝ ਸੇਵਾ ਦੇ ਸਦਕਾ ਹੀ ਸੰਭਵ ਹੋ ਸਕਿਆ। ਹੁਣ ਉਹ ਬੁੱਢੇ ਦਰਿਆ ਜੀਵਨਦਾਨ ਦੇਣ ਦੀ ਸੇਵਾ ਨਿਭਾਅ ਰਹੇ ਹਨ। ਇਸ ਮਿਸ਼ਨ ਵਿਚ ਵੀ ਉਹ ਕਾਮਯਾਬੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ ਕਿ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਬਜਟ ਸ਼ੈਸ਼ਨ ਦਿਖਾਇਆ ਜਾ ਸਕੇ।