ਪੁਲਿਸ ਪਾਰਟੀ ’ਤੇ ਫਾਇਰਿੰਗ ਮਾਮਲੇ ’ਚ ਰਣਜੀਤ ਸਿੰਘ ਬਰੀ
ਪੁਲਿਸ ਪਾਰਟੀ ’ਤੇ ਫਾਇਰਿੰਗ ਮਾਮਲੇ ’ਚ ਰਣਜੀਤ ਸਿੰਘ ਬਰੀ, ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਸੁਣਾਇਆ ਬੇਗੁਨਾਹੀ ਦਾ ਫ਼ੈਸਲਾ
Publish Date: Mon, 08 Dec 2025 10:29 PM (IST)
Updated Date: Mon, 08 Dec 2025 10:30 PM (IST)

-ਜ਼ਿਲ੍ਹਾ ਐਂਡ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਦੀ ਅਦਾਲਤ ਵੱਲੋਂ 2017 ਦੀ ਘਟਨਾ ’ਚ ਦੋਸ਼ ਸਾਬਤ ਨਾ ਹੋਣ ’ਤੇ ਮਿਲੀ ਰਾਹਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਦੀ ਅਦਾਲਤ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਕੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੱਖਣ ਖੇਲੇ, ਥਾਣਾ ਸੁਲਤਾਨਪੁਰ (ਜ਼ਿਲ੍ਹਾ ਕਪੂਰਥਲਾ) ਦੇ ਰਹਿਣ ਵਾਲੇ ਰਣਜੀਤ ਸਿੰਘ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਮੁਲਜ਼ਮ ਖ਼ਿਲਾਫ਼ ਦੋਸ਼ਾਂ ਨੂੰ ਠੋਸ ਸਬੂਤਾਂ ਨਾਲ ਸਾਬਤ ਕਰਨ ’ਚ ਨਾਕਾਮ ਰਿਹਾ, ਜਿਸ ਕਰ ਕੇ ਉਸ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕੀਤਾ ਜਾਂਦਾ ਹੈ। ਇਹ ਮਾਮਲਾ 10 ਨਵੰਬਰ 2017 ਨੂੰ ਥਾਣਾ ਸੁਭਾਨਪੁਰ ’ਚ ਦਰਜ ਕੀਤਾ ਗਿਆ ਸੀ। ਉਸ ਸਮੇਂ ਦਾ ਮੁੱਖ ਸਿਪਾਹੀ ਭਵਨਦੀਪ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ 10 ਨਵੰਬਰ 2017 ਨੂੰ ਪੁਲਿਸ ਪਾਰਟੀ ਡੀਐੱਸਪੀ ਸਰਬਜੀਤ ਰਾਏ ਦੀ ਅਗਵਾਈ ’ਚ ਕਰਤਾਰਪੁਰ ਇਲਾਕੇ ’ਚ ਮੌਜੂਦ ਸੀ। ਓਦੋਂ ਜਾਣਕਾਰੀ ਮਿਲੀ ਕਿ ਇੰਡੀਗੋ ਕਾਰ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਨੀਤ ਨਾਲ ਇਕ ਕੈਸ਼ ਵੈਨ ’ਤੇ ਫਾਇਰਿੰਗ ਕੀਤੀ ਹੈ ਤੇ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾਏ ਗਏ। ਡੀਐੱਸਪੀ ਸਰਬਜੀਤ ਰਾਏ ਦੀ ਟੀਮ ਕਿਸ਼ਨਗੜ੍ਹ ਰੋਡ ’ਤੇ ਸੀ, ਜਿੱਥੇ ਚੌਕੀ ਇੰਚਾਰਜ ਵੱਲੋਂ ਜਾਣਕਾਰੀ ਮਿਲੀ ਕਿ ਸ਼ੱਕੀ ਚਿੱਟੀ ਇੰਡੀਗੋ ਕਾਰ ਕਰਤਾਰਪੁਰ ਵੱਲ ਆ ਰਹੀ ਹੈ। ਮਾਤਾ ਗੁਜਰੀ ਕਾਲਜ ਦੇ ਨੇੜੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਚਾਲਕ ਨੇ ਪੁਲਿਸ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਨੂੰ ਤੇਜ਼ੀ ਨਾਲ ਭਜਾ ਲਿਆ ਤੇ ਹੁਸਨਮੁੰਡਾ ਵੱਲ ਨਿਕਲ ਗਿਆ। ---- ਪੁਲਿਸ ਦੀ ਗੱਡੀ ’ਤੇ ਕੀਤੀ ਫਾਇਰਿੰਗ ਪੁਲਿਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ। ਪਿੰਡ ਚੀਮਾ ਨੇੜੇ ਪੁੱਜਣ ’ਤੇ ਕਾਰ ਚਾਲਕ ਨੇ ਪੁਲਿਸ ’ਤੇ ਫਾਇਰ ਕੀਤਾ। ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ, ਜਿਸ ’ਚ ਇਕ ਗੋਲੀ ਹਵਾ ਮਿਸ ਫਾਇਰ ਹੋ ਗਈ ਤੇ ਦੂਜੀ ਕਾਰ ਦੇ ਟਾਇਰ ਨੇੜੇ ਲੱਗਣ ਨਾਲ ਫਟ ਗਿਆ। ਕਾਰ ਬੇਕਾਬੂ ਹੋ ਕੇ ਸੜਕ ਕੰਢੇ ਟਕਰਾ ਗਈ ਤੇ ਮੁਲਜ਼ਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸਨੂੰ ਕਾਬੂ ਕਰਕੇ ਸਿਵਲ ਹਸਪਤਾਲ ਕਰਤਾਰਪੁਰ ’ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ। ਬਾਅਦ ’ਚ ਉਸ ਨੂੰ ਬਿਹਤਰ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਗਿਆ। --------------------- ਕਾਰ, ਹਥਿਆਰ ਅਤੇ ਹੋਰ ਸਾਮਾਨ ਬਰਾਮਦ ਮੌਕੇ ਤੋਂ ਪੁਲਿਸ ਨੇ ਬਿਨਾਂ ਕਾਗਜ਼ਾਂ ਵਾਲੀ ਇੰਡੀਗੋ ਕਾਰ, ਇਕ 12 ਬੋਰ ਦੇਸੀ ਪਿਸਤੌਲ, ਦੋ ਕਾਰਤੂਸ, ਟੁੱਟੇ ਕੱਚ ਦੇ ਟੁਕੜੇ ਤੇ ਇਕ ਹੈਲਮਟ ਬਰਾਮਦ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ਪਹਿਲਾਂ ਲੁਧਿਆਣਾ ਨਿਵਾਸੀ ਖੇਮਜੀਤ ਸਿੰਘ ਦੇ ਨਾਮ ਸੀ, ਜੋ ਬਾਅਦ ’ਚ ਅੰਮ੍ਰਿਤਸਰ ਦੇ ਭੁਪਿੰਦਰ ਸਿੰਘ ਨੂੰ ਵੇਚੀ ਗਈ ਤੇ ਉਸ ਨੇ ਇਹ ਕਾਰ ਅੱਗੇ ਮੁਲਜ਼ਮ ਰਣਜੀਤ ਸਿੰਘ ਨੂੰ ਵੇਚ ਦਿੱਤੀ ਸੀ। ----------------------- ਅਦਾਲਤੀ ਕਾਰਵਾਈ ’ਚ ਕਮਜ਼ੋਰ ਸਬੂਤ ਅਦਾਲਤ ’ਚ ਗਵਾਹ ਤੇ ਸਬੂਤ ਪੇਸ਼ ਕੀਤੇ ਗਏ ਪਰ ਸ਼ਿਕਾਇਤਕਰਤਾ ਕਾਰ ਤੋਂ ਮਿਲੀ ਪਿਸਤੌਲ ਦੀ ਫੋਰੈਂਸਿਕ ਰਿਪੋਰਟ ਸਮੇਂ ’ਤੇ ਪੇਸ਼ ਨਾ ਕਰ ਸਕਿਆ। ਕਈ ਗਵਾਹਾਂ ਦੇ ਬਿਆਨ ਵੀ ਘਟਨਾ ਦੇ ਹਾਲਾਤ ਨਾਲ ਮੇਲ ਨਹੀਂ ਖਾਂਦੇ ਸਨ। ਇਸ ਤੋਂ ਇਲਾਵਾ, ਮੁਲਜ਼ਮ ਦੇ ਜ਼ਖ਼ਮੀ ਹੋਣ ਦੀ ਸਥਿਤੀ ’ਚ ਉਸਦੀ ਗ੍ਰਿਫ਼ਤਾਰੀ ਤੇ ਪੁੱਛਗਿੱਛ ’ਚ ਕਾਫੀ ਵਕਫਾ ਰਿਹਾ। ਇਨ੍ਹਾਂ ਸਭ ਕਮੀਆਂ ਨੂੰ ਦੇਖਦਿਆਂ ਅਦਾਲਤ ਨੇ ਮੰਨਿਆ ਕਿ ਸ਼ਿਕਾਇਤਕਰਤਾ ਦੋਸ਼ ਸਾਬਤ ਕਰਨ ’ਚ ਅਸਫਲ ਰਿਹਾ। ਇਸ ਕਰਕੇ ਰਣਜੀਤ ਸਿੰਘ ਨੂੰ ਧਾਰਾ 307 ਆਈਪੀਸੀ ਤੇ ਆਰਮਜ਼ ਐਕਟ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।