70 ਲੱਖ ਰੁਪਏ ਨਾਲ ਰੇਲਵੇ ਤਿਆਰ ਕਰੇਗੀ ਚਾਰ ਪਾਰਕ, ਓਪਨ ਜਿਮ ਵੀ ਬਣੇਗਾ
70 ਲੱਖ ਰੁਪਏ ਨਾਲ ਰੇਲਵੇ ਤਿਆਰ ਕਰੇਗੀ ਚਾਰ ਪਾਰਕ, ਓਪਨ ਜਿਮ ਵੀ ਬਣੇਗਾ
Publish Date: Wed, 10 Dec 2025 08:25 PM (IST)
Updated Date: Wed, 10 Dec 2025 08:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲਵੇ ਵੱਲੋਂ ਆਪਣੀਆਂ ਕੰਡਮ ਹੋ ਰਹੀਆਂ ਕਾਲੋਨੀਆਂ ਨੂੰ ਸੰਵਾਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਹੁਣ ਰੇਲਵੇ ਵੱਲੋਂ ਕਾਲੋਨੀਆਂ ’ਚ ਪਾਰਕ ਤਿਆਰ ਕਰਵਾਏ ਜਾਣਗੇ। ਇਸ ਲਈ 70 ਲੱਖ ਰੁਪਏ ਦਾ ਬਜਟ ਪਾਸ ਹੋ ਚੁੱਕਾ ਹੈ। ਰੇਲਵੇ ਕਾਲੋਨੀ ਨੰਬਰ 2 ਤੇ 3 ’ਚ ਕੁੱਲ ਚਾਰ ਪਾਰਕ ਬਣਾਏ ਜਾਣਗੇ। ਖ਼ਾਸ ਗੱਲ ਇਹ ਰਹੇਗੀ ਕਿ ਇਨ੍ਹਾਂ ਪਾਰਕਾਂ ’ਚ ਹਰਿਆਲੀ ਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸਦੇ ਨਾਲ ਹੀ ਕਰਮਚਾਰੀਆਂ ਤੇ ਆਮ ਲੋਕਾਂ ਦੇ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਵੀ ਵਿਵਸਥਾ ਕੀਤੀ ਜਾ ਰਹੀ ਹੈ। ਪਾਰਕਾਂ ’ਚ ਚੱਲਣ ਲਈ ਟਰੈਕ ਬਣਾਇਆ ਜਾਵੇਗਾ ਤੇ ਇਕ ਪਾਸੇ ਓਪਨ ਜਿਮ ਵੀ ਹੋਵੇਗਾ, ਤਾਂ ਜੋ ਰੇਲ ਕਰਮਚਾਰੀ ਸਵੇਰੇ ਤੇ ਸ਼ਾਮ ਕਸਰਤ ਕਰਕੇ ਆਪਣਾ ਸਿਹਤ ਸੰਭਾਲ ਸਕਣ। ਇਹੀ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਹੈ ਤੇ ਰੇਲਵੇ ਵੱਲੋਂ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬਹੁਤੇ ਰੇਲਵੇ ਕਾਲੋਨੀ ਇਲਾਕੇ ਕੰਡਮ ਹੋ ਚੁੱਕੇ ਹਨ, ਪਰ ਜਿੱਥੇ ਇਹ ਪਾਰਕ ਬਣ ਰਹੇ ਹਨ, ਉੱਥੇ ਦੇ ਕੁਆਰਟਰਾਂ ਦੀ ਹਾਲਤ ਠੀਕ ਹੈ ਤੇ ਇੱਥੇ ਕਰਮਚਾਰੀ ਰਹਿੰਦੇ ਵੀ ਹਨ। ਇਸ ਤੋਂ ਪਹਿਲਾਂ ਇਹਨਾਂ ਥਾਵਾਂ ’ਤੇ ਸਿਰਫ਼ ਜੰਗਲੀ ਘਾਹ ਤੇ ਬੂਟੀਆਂ ਹੀ ਦਿਖਾਈ ਦਿੰਦੀ ਸੀ ਪਰ ਪਾਰਕਾਂ ਦੇ ਬਣਨ ਨਾਲ ਇਨ੍ਹਾਂ ਦੀ ਸੰਭਾਲ ਵੀ ਢੰਗ ਨਾਲ ਹੋ ਸਕੇਗੀ। ਆਉਣ ਵਾਲੇ ਸਮੇਂ ’ਚ ਰੇਲਵੇ ਵੱਲੋਂ ਕੁਆਰਟਰਾਂ ਦੀ ਹਾਲਤ ਸੁਧਾਰਨ ਲਈ ਵੀ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਕੁਆਰਟਰਾਂ ਦੀ ਮੁਰੰਮਤ ਦੇ ਨਾਲ-ਨਾਲ ਉਨ੍ਹਾਂ ’ਚ ਟਾਇਲਜ਼ ਵੀ ਲਗਵਾਈਆਂ ਜਾਣਗੀਆਂ। ----------------------- ਮੰਗਾਂ ਤੋਂ ਬਾਅਦ ਮਿਲੀ ਮਨਜ਼ੂਰੀ ਅਖਿਲ ਭਾਰਤੀ ਓਬੀਸੀ ਰੇਲਵੇ ਕਰਮਚਾਰੀ ਸੰਗਠਨ ਵੱਲੋਂ ਕਾਲੋਨੀਆਂ ਦੀ ਵਿਵਸਥਾ ਤੇ ਨਵੇਂ ਪਾਰਕਾਂ ਦੇ ਨਿਰਮਾਣ ਨੂੰ ਲੈ ਕੇ ਸਮੇਂ-ਸਮੇਂ ’ਤੇ ਮੰਗ ਉਠਾਈ ਜਾਂਦੀ ਰਹੀ ਹੈ। ਪਹਿਲਾਂ ਉਨ੍ਹਾਂ ਨੇ ਸਹਾਇਕ ਮੰਡਲ ਇੰਜੀਨੀਅਰ ਪੰਕਜ ਹੁੱਡਾ ਨਾਲ ਕਾਲੋਨੀਆਂ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲਿਆ ਸੀ ਤੇ ਫਿਰ ਮੀਟਿੰਗ ਦੌਰਾਨ ਪਾਰਕਾਂ ਦਾ ਮੁੱਦਾ ਦੁਬਾਰਾ ਰੱਖਿਆ ਸੀ। ਇਸ ਦੇ ਨਾਲ ਹੀ ਪਿਛਲੇ ਵੀਰਵਾਰ ਨੂੰ ਡੀਆਰਐੱਮ ਸੰਜੀਵ ਕੁਮਾਰ ਨਾਲ ਹੋਈ ਗੈਰ-ਰਸਮੀ ਮੀਟਿੰਗ ’ਚ ਵੀ ਪਾਰਕਾਂ ਤੇ ਕਾਲੋਨੀਆਂ ਦਾ ਮੁੱਦਾ ਰੱਖਿਆ ਗਿਆ। ਡੀਆਰਐੱਮ ਨੇ ਤੁਰੰਤ ਪ੍ਰਭਾਵ ਨਾਲ ਪਾਰਕਾਂ ਦੇ ਨਿਰਮਾਣ ਦੇ ਹੁਕਮ ਦੇਣ ਦਾ ਭਰੋਸਾ ਦਿੱਤਾ ਸੀ। ਇਸੇ ਤਹਿਤ ਹੁਣ ਇਹ ਮੰਗ ਪੂਰੀ ਹੁੰਦੀ ਹੋਈ ਦਿਸ ਰਹੀ ਹੈ। ਇਸ ਤੋਂ ਇਲਾਵਾ ਸੰਗਠਨ ਵੱਲੋਂ ਰੇਲਵੇ ਅਕਾਊਂਟਸ ਆਫਿਸ ਦੇ ਪਿੱਛੇ ਵਾਲੇ ਗਰਾਊਂਡ ਦਾ ਮੁੱਦਾ ਵੀ ਉਠਾਇਆ ਗਿਆ ਹੈ।