ਪੰਜਵੇਂ ਦਿਨ ਵੀ ਰੇਲਵੇ ਫਾਟਕ ਬੰਦ, ਵਾਹਨ ਚਾਲਕ ਪਰੇਸ਼ਾਨ
ਜਾਸ, ਜਲੰਧਰ : ਜਲੰਧਰ
Publish Date: Thu, 27 Nov 2025 10:54 PM (IST)
Updated Date: Thu, 27 Nov 2025 10:56 PM (IST)

ਜਾਸ, ਜਲੰਧਰ : ਜਲੰਧਰ ਕੈਂਟ ਤੋਂ ਪਠਾਨਕੋਟ ਤੱਕ ਦੀ ਰੇਲ ਲਾਈਨ ’ਤੇ ਰੇਲ ਗੱਡੀਆਂ ਦੀ ਰਫਤਾਰ ਵਧਾਉਣ ਲਈ ਪੱਟੀਆਂ ਬਦਲਣ ਕਾਰਨ ਪੰਜਵੇਂ ਦਿਨ ਵੀ ਕਰੋਲ ਬਾਗ ਦਾ ਫਾਟਕ ਬੰਦ ਰਿਹਾ। ਇਸ ਕਾਰਨ 10 ਤੋਂ ਵੱਧ ਕਾਲੋਨੀਆਂ ਦੇ ਲੋਕਾਂ ਨੂੰ 2 ਤੋਂ 3 ਕਿੱਲੋਮੀਟਰ ਦਾ ਚੱਕਰ ਲਾਉਣਾ ਪੈ ਰਿਹਾ ਹੈ, ਕਿਉਂਕਿ ਸਾਰੇ ਲੋਕਾਂ ਨੂੰ ਫਾਟਕ ਨੇੜੇ ਪੁੱਜ ਕੇ ਹੀ ਇਸ ਦੇ ਬੰਦ ਹੋਣ ਦੀ ਜਾਣਕਾਰੀ ਮਿਲ ਰਹੀ। ਲੋਕਾਂ ਦੀ ਪਰੇਸ਼ਾਨੀ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਫਾਟਕ ’ਤੇ ਰੇਲਵੇ ਵੱਲੋਂ ਕਿਸੇ ਵੀ ਕਿਸਮ ਦਾ ਨੋਟਿਸ ਨਹੀਂ ਲਾਇਆ ਗਿਆ। ਫਾਟਕ ਦੇ ਬੰਦ ਹੋਣ ਕਾਰਨ ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਬਸ਼ੀਰਪੁਰਾ, ਕਮਲ ਵਿਹਾਰ, ਭਾਰਤ ਨਗਰ, ਏਕਤਾ ਨਗਰ, ਗੁਰੂ ਨਾਨਕਪੁਰਾ ਵੈਸਟ, ਅਵਤਾਰ ਨਗਰ, ਕਰੋਲ ਬਾਗ, ਰੇਲ ਵਿਹਾਰ, ਪ੍ਰੀਤੀ ਐਨਕਲੇਵ, ਯੂਨੀਵਰਸਿਟੀ ਐਨਕਲੇਵ, ਜੰਨਤ ਐਵੇਨਿਊ, ਸਿਟੀ ਵਿਊ, ਕਿੰਗ ਸਿਟੀ, ਗ੍ਰੀਨ ਵਿਊ, ਗ੍ਰੀਨ ਕਾਊਂਟੀ, ਸਨਸ਼ਾਈਨ, ਮਾਨਸਿੰਘ ਨਗਰ ਆਦਿ ਕਾਲੋਨੀਆਂ ਦੇ ਲੋਕ ਪੰਜ ਦਿਨਾਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਚੌਗਿੱਟੀ ਚੌਕ ਤੇ ਹਰ ਰੋਜ਼ ਸ਼ਾਮ 6 ਵਜੇ ਤੋਂ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ ਤੇ ਟ੍ਰੈਫਿਕ ਕਰੋਲ ਬਾਗ ਵੱਲ ਮੋੜਿਆ ਜਾਂਦਾ ਹੈ ਪਰ ਉੱਥੇ ਪਹੁੰਚ ਕੇ ਵੀ ਨਿਰਾਸ਼ਾ ਹੀ ਹੱਥ ਲੱਗਦੀ ਹੈ। ਇਸ ਸਥਿਤੀ ਚ ਉਨ੍ਹਾਂ ਨੂੰ ਜਾਂ ਤਾਂ ਵਾਪਸ ਲੱਧੇਵਾਲੀ ਫਲਾਈਓਵਰ ਤੇ ਚੁਗਿੱਟੀ ਚੌਕ ਵੱਲ ਆਉਣਾ ਪੈਂਦਾ ਹੈ ਜਾਂ ਫਿਰ ਸੁੱਚੀ ਪਿੰਡ ਫਾਟਕ ਵੱਲ ਜਾਣਾ ਪੈਂਦਾ ਹੈ।