ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ’ਚ ਗੋਲੀਆਂ ਚੱਲੀਆਂ, 2 ਜ਼ਖ਼ਮੀ
ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਪੈਟਰੋਲ ਪੰਪ ’ਤੇ ਦੋ ਧਿਰਾਂ ਵਿਚਾਲੇ ਝਗੜਾ, ਅੰਨ੍ਹੇਵਾਹ ਗੋਲੀਆਂ ਚੱਲੀਆਂ, ਦੋ ਨੌਜਵਾਨ ਗੰਭੀਰ ਜ਼ਖ਼ਮੀ
Publish Date: Fri, 19 Dec 2025 10:04 PM (IST)
Updated Date: Sat, 20 Dec 2025 04:13 AM (IST)

ਸੀਸੀਟੀਵੀ ਦੀ ਮਦਦ ਨਾਲ ਪੁਲਿਸ ਠਿਕਾਣੇ ਤੱਕ ਪਹੁੰਚੀ, ਭੱਜਦੇ ਹੋਏ ਮੁਲਜ਼ਮ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ ਪੁਲਿਸ ਦੀ ਜਵਾਬੀ ਕਾਰਵਾਈ ’ਚ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ ਜਲੰਧਰ–ਭੋਗਪੁਰ ਹਾਈਵੇ ’ਤੇ ਕਿਸ਼ਨਗੜ੍ਹ ਚੌਕ ਨੇੜੇ ਸਥਿਤ ਇੱਕ ਪੈਟਰੋਲ ਪੰਪ ’ਤੇ ਸ਼ੁੱਕਰਵਾਰ ਦੁਪਹਿਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਿਆਨਕ ਟਕਰਾਅ ਹੋ ਗਿਆ। ਇਸ ਦੌਰਾਨ 3 ਕਾਰਾਂ ’ਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ 12 ਤੋਂ 15 ਰਾਊਂਡ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਸਮੇਂ ਪੰਪ ’ਤੇ ਮੌਜੂਦ ਲੱਗਭਗ 50 ਤੋਂ 70 ਨੌਜਵਾਨਾਂ ’ਚ ਅਫ਼ਰਾ-ਤਫ਼ਰੀ ਮਚ ਗਈ, ਜਿਸ ਦੌਰਾਨ 2 ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਸ਼ਿਵਦਾਸਪੁਰਾ ਦੇ ਰਹਿਣ ਵਾਲੇ ਗੁਰਪ੍ਰੀਤ ਗੋਪੀ ਤੇ ਸੌਰਵ ਵਜੋਂ ਹੋਈ ਹੈ। ਦੋਵਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਆਦਮਪੁਰ ਦੀ ਪੁਲਿਸ ਤੇ ਸੀਆਈਏ ਸਟਾਫ਼ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੇ ਰਸਤੇ ਦੀ ਜਾਂਚ ਕਰਦਿਆਂ ਪਿੰਡ ਸਦਰ ਕਪੂਰਥਲਾ ਤੱਕ ਪਹੁੰਚ ਬਣਾਈ। ਇਸ ਦੌਰਾਨ ਪੁਲਿਸ ਤੇ ਇੱਕ ਬਦਮਾਸ਼ ਵਿਚਾਲੇ ਮੁਠਭੇੜ ਹੋ ਗਈ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਪਿੰਡ ਨਵਾਂ ਪਿੰਡ ਦੇ ਰਹਿਣ ਵਾਲੇ ਲਖਵਿੰਦਰ ਉਰਫ਼ ਲੱਖਾ ਦੀ ਸੱਜੀ ਲੱਤ ’ਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ ਤੋਂ ਮੁਲਜ਼ਮ ਕੋਲੋਂ ਇੱਕ ਨਾਜਾਇਜ਼ ਪਿਸਤੌਲ ਤੇ 4 ਜ਼ਿੰਦਾ ਰਾਊਂਡ ਬਰਾਮਦ ਕੀਤੇ। ਮਿਲੀ ਜਾਣਕਾਰੀ ਮੁਤਾਬਕ ਸੈਂਟ ਸੋਲਜ਼ਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਗੁਰਪ੍ਰੀਤ ਤੇ ਸੌਰਵ ਆਪਣੇ ਦੋਸਤਾਂ ਨਾਲ ਕਿਸ਼ਨਗੜ੍ਹ ਪੈਟਰੋਲ ਪੰਪ ’ਤੇ ਖੜ੍ਹੇ ਸਨ। ਇਸੇ ਸਮੇਂ ਮੁਲਜ਼ਮ ਲਖਵਿੰਦਰ ਉਰਫ਼ ਲੱਖਾ ਤੇ ਉਸ ਦਾ ਭਰਾ ਨਛੱਤਰ ਆਪਣੇ ਸਾਥੀਆਂ ਸਮੇਤ 3 ਕਾਰਾਂ ’ਚ ਪੈਟਰੋਲ ਪੰਪ ’ਤੇ ਪਹੁੰਚੇ ਤੇ ਗੱਡੀਆਂ ਤੋਂ ਉਤਰਦੇ ਹੀ ਉਥੇ ਖੜ੍ਹੇ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗ ਪਏ। ਗੋਲੀਬਾਰੀ ਕਾਰਨ ਪੰਪ ’ਤੇ ਭਗਦੜ ਮਚ ਗਈ। ਇਸ ਦੌਰਾਨ ਇੱਕ ਨੌਜਵਾਨ ਦੀ ਛਾਤੀ ਤੇ ਦੂਜੇ ਦੇ ਮੋਢੇ ’ਚ ਗੋਲੀ ਲੱਗੀ। ਦੋਵਾਂ ਨੂੰ ਗੰਭੀਰ ਹਾਲਤ ’ਚ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਹਾਂ ਗਰੁੱਪਾਂ ਵਿਚਾਲੇ ਪ੍ਰਧਾਨਗੀ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਦੇਰ ਸ਼ਾਮ ਤੱਕ ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ, ਥਾਣਾ ਆਦਮਪੁਰ ਦੇ ਮੁਖੀ ਰਵਿੰਦਰ ਪਾਲ ਸਿੰਘ ਸਮੇਤ ਸੀਆਈਏ ਸਟਾਫ਼ ਦੀਆਂ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਦੀਆਂ ਰਹੀਆਂ। ਪੁਲਿਸ ਸੀਸੀਟੀਵੀ ਫੁਟੇਜ ਤੇ ਹਿਊਮਨ ਸੋਰਸਾਂ ਦੀ ਮਦਦ ਨਾਲ ਪਿੰਡ ਸਦਰ ਕਪੂਰਥਲਾ ਪਹੁੰਚੀ, ਜਿੱਥੇ ਲਖਵਿੰਦਰ ਉਰਫ਼ ਲੱਖਾ ਨੇ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ, ਜਿਸ ’ਚ ਉਸ ਦੀ ਲੱਤ ’ਚ ਗੋਲੀ ਲੱਗੀ। ਬਾਅਦ ’ਚ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ। ਐੱਸਐੱਸਪੀ ਹਰਵਿੰਦਰ ਵਿਰਕ ਨੇ ਦੱਸਿਆ ਕਿ ਬਿਧੀਪੁਰ ਇਲਾਕੇ ’ਚ ਸਥਿਤ ਕਾਲਜ ’ਚ ਸ਼ੁੱਕਰਵਾਰ ਨੂੰ ਪ੍ਰਧਾਨਗੀ ਅਹੁਦੇ ਲਈ ਚੋਣ ਹੋਣੀ ਸੀ। ਚੋਣਾਂ ਨੂੰ ਲੈ ਕੇ ਕੁਝ ਨੌਜਵਾਨ ਅਲਾਵਲਪੁਰ ਨੇੜੇ ਸਥਿਤ ਪੈਟਰੋਲ ਪੰਪ ਬਾਹਰ ਇਕੱਠੇ ਹੋਏ ਸਨ। ਇਸ ਦੌਰਾਨ ਦੂਜੇ ਗਰੁੱਪ ਦੇ ਲਖਵਿੰਦਰ ਤੇ ਨਛੱਤਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਾਮਲੇ ’ਚ ਥਾਣਾ ਆਦਮਪੁਰ ’ਚ ਕਤਲ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਵਾਰਦਾਤ ’ਚ ਵਰਤੀਆਂ ਗਈਆਂ ਕਾਰਾਂ ਬਰਾਮਦ ਕਰ ਲਈਆਂ ਹਨ ਤੇ ਫ਼ਰਾਰ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਬਾਕਸ-- ਪੈਟਰੋਲ ਪੰਪ ’ਤੇ ਖੜ੍ਹਾ ਸੀ ਤੇਲ ਨਾਲ ਭਰਿਆ ਟੈਂਕਰ, ਵੱਡਾ ਹਾਦਸਾ ਟਲਿਆ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਵਾਰਦਾਤ ਵੇਲੇ ਪੰਪ ’ਤੇ ਤੇਲ ਨਾਲ ਭਰਿਆ ਇੱਕ ਟੈਂਕਰ ਖੜ੍ਹਾ ਸੀ। ਗੋਲੀਬਾਰੀ ਦੌਰਾਨ ਕਿਸਮਤ ਨਾਲ ਕੋਈ ਵੀ ਗੋਲੀ ਟੈਂਕਰ ਨੂੰ ਨਹੀਂ ਲੱਗੀ, ਸਗੋਂ ਪੰਪ ਦੇ ਦਰਵਾਜ਼ੇ ’ਚ ਲੱਗੀ, ਜੇਕਰ ਗੋਲੀ ਤੇਲ ਨਾਲ ਭਰੇ ਟੈਂਕਰ ਨੂੰ ਲੱਗ ਜਾਂਦੀ ਤਾਂ ਵੱਡਾ ਧਮਾਕਾ ਹੋ ਸਕਦਾ ਸੀ ਤੇ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਤਰਾ ਸੀ।