ਪੰਜਾਬੀ ਯੂਨੀਵਰਸਿਟੀ ਨੇ ਜਿੱਤਿਆ ਉਦਘਾਟਨੀ ਮੈਚ
ਪੰਜਾਬੀ ਯੂਨੀਵਰਸਿਟੀ ਨੇ ਜਿੱਤਿਆ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨੀ ਮੈਚ
Publish Date: Fri, 16 Jan 2026 06:31 PM (IST)
Updated Date: Sat, 17 Jan 2026 06:25 PM (IST)

-6 ਦਿਨਾ ਉੱਤਰੀ-ਖੇਤਰ ਅੰਤਰ ਯੂਨੀਵਰਸਿਟੀ ਬਾਸਕਟਬਾਲ (ਮਹਿਲਾ) ਚੈਂਪੀਅਨਸ਼ਿਪ ਸ਼ੁਰੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ’ਚ ਬੀਤੇ ਦਿਨੀਂ ਛੇ-ਰੋਜ਼ਾ ਉੱਤਰ- ਖੇਤਰੀ ਅੰਤਰ ਯੂਨੀਵਰਸਿਟੀ ਬਾਸਕਟਬਾਲ ( ਮਹਿਲਾ) ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਡਾ. ਅਨੁਭਵ ਵਾਲੀਆ ਰਜਿਸਟਰਾਰ ਦਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੇ ਨਾਲ ਹੀ ਸ਼ਤੀਸ਼ ਕੁਮਾਰ ਜੀਪੀਐੱਸ ਟੂ ਵੀਸੀ ਵੀ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ਪੌਦਾ ਭੇਟ ਕਰਕੇ ਰਸਮੀਂ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਅਤੇ ਉੱਤਰੀ ਭਾਰਤ ਤੋਂ ਮੁਕਾਬਲੇ ਵਿਚ ਹਿੱਸਾ ਲੈਣ ਆਈਆਂ ਟੀਮਾਂ ਨੂੰ ਜੀ ਆਇਆਂ ਕਿਹਾ। ਇਸ ਟੂਰਨਾਮੈਂਟ ਦਾ ਆਗਾਜ਼ ਸਹੁੰ ਚੁੱਕਣ, ਝੰਡਾ ਲਹਿਰਾਉਣ ਵਰਗੀਆਂ ਰਸਮਾਂ ਨਾਲ ਕੀਤਾ ਗਿਆ। ਇਸ ਮੁਕਾਬਲੇ ਲਈ 40 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ। ਸਭ ਤੋਂ ਪਹਿਲਾ ਮੁਕਾਬਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਮਾਨਵ ਰਚਨਾ ਇੰਟਰਨੈਸ਼ਨਲ ਰਿਸਰਚ ਇੰਸਟੀਟਿਊਟ ਫ਼ਰੀਦਾਬਾਦ ਦਰਮਿਆਨ ਹੋਇਆ। ਪੰਜਾਬੀ ਯੂਨੀਵਰਸਿਟੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੋਈ 55/04 ਦੇ ਵੱਡੇ ਫਰਕ ਨਾਲ ਜੇਤੂ ਰਹੀ। ਦੂਜੇ ਮੁਕਾਬਲੇ ਵਿੱਚ ਐੱਮਡੀਯੂ ਰੋਹਤਕ ਨੇ ਡੀਸੀਆਰ ਯੂਨੀਵਰਸਿਟੀ ਸੋਨੀਪਤ ਉੱਪਰ 68/23 ਅੰਕਾਂ ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਸਪੋਰਟਸ ਯੂਨੀਵਰਸਿਟੀ ਹਰਿਆਣਾ ਨੇ ਸੀ.ਡੀ.ਐੱਲ. ਯੂਨੀਵਰਸਿਟੀ ਸਿਰਸਾ ਨਾਲ ਮੁਕਾਬਲਾ ਕਰਦੇ 61/32 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ। ਪ੍ਰੋ. ਰਜਿੰਦਰ ਸਿੰਘ ਯੂਨੀਵਰਸਿਟੀ ਪ੍ਰਆਗਰਾਜ, ਐਸਆਰਐਮ ਯੂਨੀਵਰਸਿਟੀ ਨਾਲ ਮੁਕਾਬਲਾ ਕਰਦੀ 16/47 ਅਤੇ ਥਾਪਰ ਯੂਨੀਵਰਸਿਟੀ, ਗੜਵਾਸੂ ਯੂਨੀਵਰਸਿਟੀ ਨਾਲ ਮੁਕਾਬਲਾ ਕਰਦੀ 31/10 ਦੇ ਫਰਕ ਨਾਲ ਜੇਤੂ ਰਹੀ। ਅੰਤ ਉਪਰ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ।