ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਯੂਨੀਵਰਿਸਟੀ ਲਈ ਕੀਤਾ ਕੁਆਲੀਫਾਈ
ਛੇ-ਰੋਜ਼ਾ ਉੱਤਰ ਖੇਤਰੀ ਅੰਤਰ ਯੂਨੀਵਰਸਿਟੀ ਬਾਸਕਿਟਬਾਲ ਚੈਂਪੀਅਨਸ਼ਿਪ ’ਚ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਲਈ ਕੀਤਾ ਕੁਆਲੀਫਾਈ
Publish Date: Mon, 19 Jan 2026 07:20 PM (IST)
Updated Date: Mon, 19 Jan 2026 07:24 PM (IST)

--ਉੱਤਰ ਖੇਤਰੀ ਅੰਤਰ ਯੂਨੀਵਰਸਿਟੀ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਹੋਏ ਮੁਕਾਬਲੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸੰਵਿਧਾਨਕ ਕਾਲਜ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ 16 ਜਨਵਰੀ ਤੋਂ ਕਰਵਾਈ ਉੱਤਰ-ਖੇਤਰੀ ਅੰਤਰ-ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿਪ ਸਫਲਤਾ ਸਹਿਤ ਚੌਥੇ ਰੋਜ਼ ’ਚ ਪਹੁੰਚੀ। ਇਸ ਮੌਕੇ ਅਰਜਨ ਅਵਾਰਡੀ ਸੱਜਣ ਸਿੰਘ ਚੀਮਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਨੇ ਆਏ ਮਹਿਮਾਨ ਨੂੰ ਇਕ ਪੌਦਾ ਭੇਟ ਕਰਕੇ ਰਸਮੀਂ ਜੀ ਆਇਆਂ ਕੀਤਾ। ਆਬਜ਼ਰਵਰ ਡਾ. ਯਸ਼ਵੰਤ ਗਹਿਲੋਤ ਦੀ ਨਿਗਰਾਨੀ ਹੇਠ ਇਹ ਟੂਰਨਾਮੈਂਟ ਬਹੁਤ ਸੁਚਾਰੂ ਢੰਗ ਨਾਲ ਚੱਲ ਰਿਹਾ। ਚੌਥੇ ਰੋਜ਼ ’ਚ ਪਹਿਲੇ ਮੁਕਾਬਲੇ ’ਚ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 56/41 ਅੰਕਾਂ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਪਰ ਜਿੱਤ ਦਰਜ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦਿੱਲੀ ਯੂਨੀਵਰਸਿਟੀ ਉੱਪਰ 64/32 ਨਾਲ ਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਮੁਕਾਬਲਾ ਕਰਦੇ 67/33 ਅੰਕਾਂ ਨਾਲ ਜਿੱਤ ਦਰਜ ਕੀਤੀ। ਅੱਜ ਦੇ ਚੌਥੇ ਮੈਚ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਕੁਰਕਸ਼ੇਤਰ ਯੂਨੀਵਰਸਿਟੀ ਨੂੰ 56/28 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਦਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਕੱਲ੍ਹ ਹੋਣ ਵਾਲੇ ਲੀਗ ਮੈਚਾਂ ਲਈ ਕੁਆਲੀਫਾਈ ਕਰ ਗਈਆਂ ਹਨ। ਇਹ ਟੀਮਾਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਲਈ ਕੁਆਲੀਫਾਈ ਹੋ ਗਈਆਂ ਹਨ। ਅੰਤ ਉੱਪਰ ਕਾਲਜ ਪ੍ਰਿੰਸੀਪਲ ਵੱਲੋਂ ਆਏ ਵਿਸ਼ੇਸ਼ ਮਹਿਮਾਨ ਸੱਜਣ ਸਿੰਘ ਚੀਮਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਕੁੱਲ ਮਿਲਾ ਕੇ ਸਭ ਮੁਕਾਬਲੇ ਬਹੁਤ ਰੋਮਾਂਚਕ ਰਹੇ।