ਨਿਗਮ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਪਾਣੀ ਕੁਨੈਕਸ਼ਨ ਕੱਟ ਕੇ ਵਸੂਲੇ 2.15 ਲੱਖ
ਨਗਰ ਨਿਗਮ ਦੇ ਉਡਨ ਦਸਤੇ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ, 2.15 ਲੱਖ ਦੀ ਹੋਈ ਵਸੂਲੀ
Publish Date: Thu, 29 Jan 2026 09:10 PM (IST)
Updated Date: Thu, 29 Jan 2026 09:13 PM (IST)
--ਅਧੂਰਾ ਭੁਗਤਾਨ ਕਰਨ ਵਾਲਿਆਂ ਤੋਂ ਲਏ ਚੈੱਕ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ :
ਨਗਰ ਨਿਗਮ ਦੇ ਵਾਟਰ ਸਪਲਾਈ ਉਡਨ ਦਸਤੇ ਵੱਲੋਂ ਫਗਵਾੜਾ ਗੇਟ ਜ਼ੋਨ ’ਚ ਬਕਾਇਆ ਵਸੂਲੀ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਰੇਲਵੇ ਰੋਡ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਦਕਿ 10 ਡਿਫਾਲਟਰਾਂ ਤੋਂ 2.15 ਲੱਖ ਰੁਪਏ ਦੀ ਅਧੂਰੀ ਵਸੂਲੀ ਕਰਕੇ ਬਾਕੀ ਰਕਮ ਦੇ ਚੈੱਕ ਲਏ ਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਚੈੱਕ ਪਾਸ ਨਾ ਹੋਏ ਤਾਂ ਫਿਰ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵੀਰਵਾਰ ਨੂੰ ਨਗਰ ਨਿਗਮ ਦੀ ਵਾਟਰ ਸਪਲਾਈ ਦੀ ਉਡਨ ਦਸਤੇ ਦੀ ਟੀਮ ’ਚ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਚੀਫ ਰਿਕਵਰੀ ਸੁਪਰਡੈਂਟ ਅਸ਼ਵਨੀ ਗਿੱਲ, ਜੇਈ ਮੁਕੇਸ਼ ਕੁਮਾਰ, ਇਸੰਪੈਕਟਰ ਪਰਮਿੰਦਰ ਸਿੰਘ ਨੇ ਫਗਵਾੜਾ ਵੇਟ ਜ਼ੋਨ ’ਚ ਪਾਣੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ ਦੇ ਵਿਰੁੱਧ ਕਾਰਵਾਈ ਕਰਦਿਆਂ ਜਿਥੇ ਰੇਲਵੇ ਰੋਡ ਦੇ ਪੰਜਾਬ ਐਂਡ ਸਿੰਘ ਬੈਂਕ ਦੀ ਬ੍ਰਾਂਚ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਉਥੇ ਬਾਕੀ ਡਿਫਾਲਟਰਾਂ ਤੋਂ 2.15 ਲੱਖ ਦੀ ਵਸੂਲੀ ਕਰਕੇ ਉਨ੍ਹਾਂ ਤੋਂ ਅਗਲੀ ਤਰੀਕ ਦੇ ਚੈੱਕ ਵੀ ਲੈ ਲਏ।
ਇਸ ਦੌਰਾਨ ਵਾਟਰ ਸਪਲਾਈ ਦੇ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਪ੍ਰਬੰਧਕਾਂ ਦਾ ਬਿਲਡਿੰਗ ਮਾਲਕ ਨਾਲ ਝਗੜਾ ਹੈ ਜਿਸ ਕਾਰਨ ਬੈਂਕ ਦੇ 64080 ਰੁਪਏ ਦੇ ਬਿਲ ਦੀ ਅਦਾਇਗੀ ਨਹੀਂ ਹੋਈ ਜਿਸ ਕਾਰਨ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਗਿਆ। ਇਸ ਤੋਂ ਪਹਿਲਾਂ ਬੈਂਕ ਦੀ ਬਿਲਡਿੰਗ ਦੇ ਮਾਲਕ ਨੂੰ 5 ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਨੋਟਿਸਾਂ ਦਾ ਪਰਵਾਹ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਡਨ ਦਸਤੇ ਵੱਲੋਂ ਰੋਜ਼ਾਨਾ ਹਰ ਜ਼ੋਨ ’ਚ ਡਿਫਾਲਟਰਾਂ ਦੇ ਵਿਰੱਧ ਕਾਰਵਾਈ ਜਾਰੀ ਰਹੇਗੀ ਤੇ ਨਿਗਮ ਦੇ 8 ਜ਼ੋਨ ਹਨ ਤੇ 8 ਜ਼ੋਨਾਂ ’ਚ ਕਾਰਵਾਈ ਕਰਨ ਦੇ ਬਾਅਦ ਮੁੜ ਫਗਵਾੜਾ ਗੇਟ ਜ਼ੋਨ ’ਤੇ ਐਕਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਡਿਫਾਲਟਰ ਵਿਰੁੱਧ ਨਰਮੀ ਨਹੀਂ ਵਰਤੀ ਜਾਏਗੀ ਤੇ ਅਦਾਇਗੀ ਨਾ ਕਰਨ ਵਾਲਿਆਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਜਾਣਗੇ। ਸੁਪਰਡੈਂਟ ਵਾਲੀਆ ਨੇ ਡਿਫਾਲਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੇ ਬਕਾਇਆ ਬਿਲਾਂ ਦਾ ਭੁਗਤਾਨ ਕਰਕੇ ਪਾਣੀ ਦੇ ਕੁਨੈਕਸ਼ਨ ਕੱਟਣ ਦੀ ਹਾਲਤ ਪੈਦਾ ਹੋਣ ਤੋਂ ਬਚਾਅ ਕਰਨ।