ਪੰਜਾਬ ਹਮੇਸ਼ਾ ਆਪਸੀ ਭਾਈਚਾਰੇ ਤੇ ਸਾਂਝੀਵਾਲਤਾ ਦੀ ਮਿਸਾਲ ਰਿਹੈ : ਭਗਤ
ਪੰਜਾਬ ਹਮੇਸ਼ਾ ਆਪਸੀ ਭਾਈਚਾਰੇ ਤੇ ਸਾਂਝੀਵਾਲਤਾ ਦੀ ਮਿਸਾਲ ਰਿਹੈ : ਮਹਿੰਦਰ ਭਗਤ
Publish Date: Fri, 19 Dec 2025 09:45 PM (IST)
Updated Date: Sat, 20 Dec 2025 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ੁੱਕਰਵਾਰ ਨੂੰ ਸ਼ਹਿਰ ’ਚ ਕ੍ਰਿਸਮਸ ਦੇ ਪਾਵਨ ਤਿਉਹਾਰ ਦੇ ਮੌਕੇ ਪਾਸਟਰ ਅੰਕੁਰ ਨਰੂਲਾ ਦੀ ਅਗਵਾਈ ਹੇਠ ਖਾਂਬਰਾ ਚਰਚ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ’ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਹਾਜ਼ਰ ਲੋਕਾਂ ਨੂੰ ਕ੍ਰਿਸਮਸ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਈਸੂ ਮਸੀਹ ਨੇ ਸਾਰੀ ਦੁਨੀਆ ਨੂੰ ਪ੍ਰੇਮ, ਭਾਈਚਾਰੇ, ਸੇਵਾ ਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਦੇ ਦਿਖਾਏ ਰਾਹ ’ਤੇ ਚੱਲ ਕੇ ਸਮਾਜ ’ਚ ਸ਼ਾਂਤੀ, ਸਾਂਝਦਾਰੀ ਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਭਗਤ ਨੇ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਹੀ ਆਪਸੀ ਭਾਈਚਾਰੇ ਤੇ ਧਾਰਮਿਕ ਸਾਂਝੀਵਾਲਤਾ ਦੀ ਮਿਸਾਲ ਰਿਹਾ ਹੈ ਤੇ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ’ਚ ਏਕਤਾ ਤੇ ਮਿਲਾਪ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦੇ ਤਿਉਹਾਰਾਂ ਨੂੰ ਇਕੋ-ਜਿਹਾ ਮਾਣ-ਸਨਮਾਨ ਦਿੰਦੀ ਹੈ ਤੇ ਹਰ ਵਰਗ ਦੀਆਂ ਖੁਸ਼ੀਆਂ ’ਚ ਸਾਂਝੀਦਾਰ ਬਣ ਕੇ ਕੰਮ ਕਰ ਰਹੀ ਹੈ।