ਪੰਜਾਬ ਸਰਕਾਰ ਦਾ ਐਲਾਨ ਇਤਿਹਾਸਕ ਫ਼ੈਸਲਾ : ਕੋਹਲੀ
ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰ ਘੋਸ਼ਿਤ : ਨਿਤਿਨ ਕੋਹਲੀ
Publish Date: Wed, 24 Dec 2025 08:08 PM (IST)
Updated Date: Wed, 24 Dec 2025 08:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਕ ਇਤਿਹਾਸਕ ਫ਼ੈਸਲਾ ਲੈਂਦਿਆਂ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕਰ ਦਿੱਤਾ ਹੈ। ਇਸ ਸਬੰਧੀ ਜਾਰੀ ਅਧਿਕਾਰਕ ਨੋਟੀਫਿਕੇਸ਼ਨ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਸਰਾਹਣਯੋਗ ਕਦਮ ਦੱਸਿਆ ਹੈ। ਨਿਤਿਨ ਕੋਹਲੀ ਨੇ ਕਿਹਾ ਕਿ ਇਹ ਐਲਾਨ ਸਿਰਫ਼ ਪ੍ਰਸ਼ਾਸਕੀ ਫ਼ੈਸਲਾ ਨਹੀਂ, ਸਗੋਂ ਪੰਜਾਬ ਸਰਕਾਰ ਦੀ ਉਸ ਸੋਚ ਦਾ ਪ੍ਰਤੀਕ ਹੈ, ਜਿਸ ’ਚ ਵਿਕਾਸ ਦੇ ਨਾਲ-ਨਾਲ ਲੋਕ ਭਾਵਨਾਵਾਂ, ਮਰਿਆਦਾ ਤੇ ਪਰੰਪਰਾਵਾਂ ਨੂੰ ਵੀ ਬਰਾਬਰ ਮਹੱਤਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਇਤਿਹਾਸਕ ਐਲਾਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਦੇ ਪਾਵਨ ਮੌਕੇ ‘ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਤਾ ਗਿਆ, ਜਿਸ ਨਾਲ ਇਸ ਦੀ ਮਹੱਤਤਾ ਹੋਰ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਪਵਿੱਤਰ ਸ਼ਹਿਰਾਂ ’ਚ ਮੀਟ, ਸ਼ਰਾਬ, ਤਮਾਕੂ ਤੇ ਹਰ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਵਿਕਰੀ ’ਤੇ ਪੂਰਾ ਪ੍ਰਤੀਬੰਧ ਲਾਗੂ ਰਹੇਗਾ। ਇਹ ਫ਼ੈਸਲਾ ਸਮਾਜਿਕ ਮਰਿਆਦਾ, ਸਾਫ਼-ਸੁਥਰੇ ਮਾਹੌਲ ਤੇ ਸਨਮਾਨਪੂਰਨ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਸੰਤੁਲਿਤ ਵਿਕਾਸ ਲਈ ਵੀ ਵਚਨਬੱਧ ਹੈ। ਸ਼ਰਧਾਲੂਆਂ ਤੇ ਸੈਲਾਨੀਆਂ ਦੀ ਸੁਵਿਧਾ ਲਈ ਈ-ਰਿਕਸ਼ਾ, ਮਿਨੀ ਬੱਸਾਂ, ਬਿਹਤਰ ਆਵਾਜਾਈ, ਸਫ਼ਾਈ ਮੁਹਿੰਮ, ਟ੍ਰੈਫਿਕ ਪ੍ਰਬੰਧਨ ਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਅੰਤ ’ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਸਾਬਤ ਕੀਤਾ ਹੈ ਕਿ ਉਸਦੀ ਤਰਜੀਹ ਦਿਖਾਵਟੀ ਰਾਜਨੀਤੀ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਸਕਾਰਾਤਮਕ ਬਦਲਾਅ ਲਿਆਉਣਾ ਹੈ। ਇਹ ਫ਼ੈਸਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਪੱਸ਼ਟ ਸੰਦੇਸ਼ ਹੈ ਕਿ ਪੰਜਾਬ ਆਪਣੀ ਵਿਰਾਸਤ ਨਾਲ ਕੋਈ ਸਮਝੌਤਾ ਨਹੀਂ ਕਰੇਗਾ।