ਡਰੇਨਾਂ ਤੇ ਚਿੱਟੀ ਵੇਈਂ ’ਚ ਗੰਦੇ ਪਾਣੀ ਦੀ ਨਿਕਾਸੀ ਤੁਰੰਤ ਰੋਕੋ : ਸੰਤ ਸੀਚੇਵਾਲ
ਪੰਜਾਬ ਸਰਕਾਰ ਡਰੇਨਾਂ ਅਤੇ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਚਨਬੱਧ : ਸੰਤ ਸੀਚੇਵਾਲ
Publish Date: Mon, 17 Nov 2025 09:09 PM (IST)
Updated Date: Tue, 18 Nov 2025 04:17 AM (IST)

ਕਿਹਾ-ਪੰਜਾਬ ਸਰਕਾਰ ਡਰੇਨਾਂ ਤੇ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਚਨਬੱਧ --ਡਰੇਨਾਂ ਤੇ ਸੀਵਰੇਜ ਪਲਾਂਟਾਂ ਦਾ ਕੀਤਾ ਦੌਰਾ, ਨਿਗਰਾਨ ਕਮੇਟੀਆਂ ਬਣਾਉਣ ਦੇ ਦਿੱਤੇ ਨਿਰਦੇਸ਼ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਰੇਨਾਂ ਤੇ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਾਲਾ ਸੰਘਿਆ ਤੇ ਜਮਸ਼ੇਰ ਡਰੇਨ ਤੇ ਚਿੱਟੀ ਵੇਈਂ ’ਚ ਗੰਦੇ ਪਾਣੀ ਦੀ ਨਿਕਾਸੀ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜ ਸਭਾ ਮੈਂਬਰ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਜਲੰਧਰ ਸੰਦੀਪ ਰਿਸ਼ੀ ਸਮੇਤ ਡਰੇਨਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਸ਼ਹਿਰ ’ਚ ਐੱਸਟੀਪੀਜ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੌ ਫੀਸਦੀ ਸੰਚਾਲਨ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾ ਦੇ ਸੰਚਾਲਨ ’ਤੇ ਨੇੜਿਓਂ ਨਜ਼ਰ ਰੱਖਣ ਲਈ ਨਿਯਮਿਤ ਚੈਕਿੰਗ ਯਕੀਨੀ ਬਣਾਈ ਜਾਵੇ ਤੇ ਟ੍ਰੀਟਮੈਂਟ ਪਲਾਂਟ ਨਾ ਚੱਲਣ ’ਤੇ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਡਰੇਨਾਂ ’ਚ ਸੀਵਰੇਜ ਵੇਸਟ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਨਿਗਰਾਨ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬਾਈਪਾਸ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ, ਤਾਂ ਜੋ ਡਰੇਨ ’ਚ ਸਿਰਫ਼ ਸੋਧਿਆ ਪਾਣੀ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਕਾਲਾ ਸੰਘਿਆ ਡਰੇਨ ’ਚ ਪਾਣੀ ਛੱਡਣ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸੰਤ ਸੀਚੇਵਾਲ ਨੇ ਡਰੇਨੇਜ਼ ਵਿਭਾਗ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਡਰੇਨ ਦਾ ਸਾਂਝੇ ਤੌਰ ’ਤੇ ਦੌਰਾ ਕਰਨ ਲਈ ਕਿਹਾ, ਤਾਂ ਜੋ ਇਸ ’ਚ ਆ ਰਹੀ ਤਕਨੀਕੀ ਰੁਕਾਵਟ ਨੂੰ ਜਲਦ ਤੋਂ ਜਲਦ ਦੂਰ ਕਰ ਕੇ 100 ਕਿਊਸਿਕ ਪਾਣੀ ਛੱਡਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਡਰੇਨ ’ਚ ਪੱਥਰ ਲੱਗਣ ਦੇ ਨਾਲ-ਨਾਲ ਪਾਣੀ ਛੱਡਣ ਲਈ ਚੈਨਲ ਦੇ ਨਿਰਮਾਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਰਾਜ ਸਭਾ ਮੈਂਬਰ ਨੇ ਬਸਤੀ ਪੀਰਦਾਦ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਖੇਤੀ ਲਈ ਸੋਧਿਆ ਪਾਣੀ ਸਪਲਾਈ ਕਰਨ ਦੇ ਪ੍ਰਾਜੈਕਟ ਦਾ ਵੀ ਜਾਇਜ਼ਾ ਲਿਆ। ਅਧਿਕਾਰੀਆਂ ਨੇ ਜਾਣੂ ਕਰਵਾਇਆ ਕਿ ਇਸ ਸਬੰਧੀ ਪਾਈ ਗਈ ਪਾਈਪਲਾਈਨ ਦੀ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ। ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਟੈਸਟਿੰਗ ਦੇ ਕੰਮ ’ਚ ਤੇਜ਼ੀ ਲਿਆਉਂਦਿਆਂ ਇਸ ਨੂੰ 15 ਦਿਨਾਂ ’ਚ ਮੁਕੰਮਲ ਕਰ ਕੇ ਖੇਤਾਂ ਤੱਕ ਸੋਧਿਆ ਪਾਣੀ ਪੁੱਜਦਾ ਕਰਨ ਦੀਆਂ ਹਦਾਇਤਾਂ ਕੀਤੀਆਂ। ਰਾਜ ਸਭਾ ਮੈਂਬਰ ਨੇ ਮੀਟਿੰਗ ਦੌਰਾਨ ਵਰਿਆਣਾ ਬਾਇਓ ਰੈਮੇਡੀਏਸ਼ਨ ਪ੍ਰਾਜੈਕਟ ਦੀ ਪ੍ਰਗਤੀ ਤੇ ਜਮਸ਼ੇਰ ਵਿਖੇ ਬਾਇਓ ਗੈਸ ਪਲਾਂਟ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਜਮਸ਼ੇਰ ਤੇ ਬੰਬੀਆਂ ਵਾਲਾ ਸਥਿਤ ਟ੍ਰੀਟਮੈਂਟ ਪਲਾਂਟਾ ਦਾ ਸੋਧਿਆ ਪਾਣੀ ਵੀ ਖੇਤੀ ਲਈ ਸਪਲਾਈ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਆਪ ਆਗੂ ਰਾਜਵਿੰਦਰ ਕੌਰ ਥਿਆੜਾ ਤੇ ਹੋਰ ਅਧਿਕਾਰੀਆਂ ਨਾਲ ਫੋਲੜੀਵਾਲ ਤੇ ਜਮਸ਼ੇਰ ਸਥਿਤ ਟ੍ਰੀਟਮੈਂਟ ਪਲਾਂਟਾ ਦਾ ਦੌਰਾ ਕਰਦਿਆਂ ਇਨ੍ਹਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਮੌਕੇ ’ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ’ਚ ਡਿਪਟੀ ਕਮਿਸ਼ਨਰ ਪੁਲਿਸ ਨਰੇਸ਼ ਡੋਗਰਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।