ਗ਼ੈਰ ਮੂਲ ਅਲਾਟੀਆਂ ਲਈ ਰਿਆਇਤੀ ਸਟੈਂਪ ਡਿਊਟੀ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਦੇ ਗੈਰ ਮੂਲ ਅਲਾਟੀਆਂ ਲਈ ਸਮਾਂਬੱਧ ਰਿਆਇਤੀ ਸਟੈਂਪ ਡਿਊਟੀ ਦਾ ਐਲਾਨ
Publish Date: Tue, 20 Jan 2026 09:07 PM (IST)
Updated Date: Tue, 20 Jan 2026 09:09 PM (IST)

-ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲੰਧਰ ਨੇ ਲਾਭਪਾਤਰੀਆਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੀਤੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਹਿਕਾਰੀ ਹਾਊਸਿੰਗ ਸੁਸਾਇਟੀਆਂ ਦੇ ਗੈਰ ਮੂਲ ਅਲਾਟੀਆਂ ਦੀ ਬਕਾਇਆ ਰਜਿਸਟ੍ਰੇਸ਼ਨ ਨੂੰ ਸਰਲ ਬਣਾਉਣ ਤੇ ਆਮ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਅਜਿਹੀਆਂ ਸੁਸਾਇਟੀਆਂ ਦੇ ਗੈਰ-ਮੂਲ ਅਲਾਟੀਆਂ ਲਈ ਸਮਾਂਬੱਧ ਰਿਆਇਤੀ ਸਟੈਂਪ ਡਿਊਟੀ ਦਾ ਐਲਾਨ ਕੀਤਾ ਗਿਆ ਹੈ। ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲੰਧਰ ਗੁਰਵਿੰਦਰਜੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਦੇ ਸਹਿਕਾਰਤਾ ਵਿਭਾਗ ਵੱਲੋਂ 12 ਜਨਵਰੀ 2026 ਤੋਂ ਸੀਮਤ ਸਮੇਂ ਲਈ ਸਹਿਕਾਰੀ ਹਾਊਸਿੰਗ ਸੁਸਾਇਟੀਆਂ ’ਚ ਗੈਰ ਮੂਲ ਅਲਾਟੀਆਂ/ਟਰਾਂਸਫਰੀਆਂ ਲਈ ਰਿਆਇਤੀ ਸਟੈਂਪ ਡਿਊਟੀ ਦਰਾਂ ਨੋਟੀਫਾਈ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਇਹ ਰਿਆਇਤ ਕੰਸੀਡਰੇਸ਼ਨ ਰਾਸ਼ੀ ਜਾਂ ਕਲੈਕਟਰ ਰੇਟ (ਜੋ ਵੀ ਵੱਧ ਹੋਵੇ) ਦੇ ਆਧਾਰ ’ਤੇ ਰਜਿਸਟ੍ਰੇਸ਼ਨ ਲਈ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ਾਂ ’ਤੇ ਲਾਗੂ ਹੋਵੇਗੀ। ਉਨ੍ਹਾਂ ਦੱਸਿਆ ਕਿ 31 ਜਨਵਰੀ 2026 ਤੱਕ ਹੋਣ ਵਾਲੀਆਂ ਰਜਿਸਟ੍ਰੇਸ਼ਨਾਂ ’ਤੇ ਸਟੈਂਪ ਡਿਊਟੀ ਦੀ ਦਰ ਸਿਰਫ਼ ਇਕ ਫ਼ੀਸਦੀ ਹੋਵੇਗੀ। ਪਹਿਲੀ ਫਰਵਰੀ ਤੋਂ 28 ਫਰਵਰੀ 2026 ਤੱਕ ਇਹ ਦਰ 2 ਫੀਸਦੀ ਤੇ ਪਹਿਲੀ ਮਾਰਚ ਤੋਂ 31 ਮਾਰਚ 2026 ਤੱਕ 3 ਫੀਸਦੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 31 ਮਾਰਚ 2026 ਤੋਂ ਬਾਅਦ ਸਟੈਂਪ ਡਿਊਟੀ ਦੀਆਂ ਆਮ ਦਰਾਂ ਲਾਗੂ ਹੋਣਗੀਆਂ। ਉਪ ਰਜਿਸਟਰਾਰ ਨੇ ਇਹ ਵੀ ਦੱਸਿਆ ਕਿ ਰਿਆਇਤ ਦੀ ਮਿਆਦ ਦੌਰਾਨ ਰਜਿਸਟ੍ਰੇਸ਼ਨ ਫੀਸ ਇਕ ਫ਼ੀਸਦੀ (2 ਲੱਖ ਤੱਕ) ਰਹੇਗੀ ਤੇ ਐੱਸਆਈਸੀ/ਪੀਆਈਡੀਬੀ/ਐੱਸਆਈਡੀਐੱਫ ਚਾਰਜ ਮੁਆਫ਼ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਹੂਲਤ ਸਬੰਧੀ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ।