ਬਿੱਲੀਆਂ ਦੇ ਖ਼ਤਰੇ ’ਚ ਹੋਣ ਦੀ ਖ਼ਬਰ ਸੁਣ ਕੇ ਚੀਕੂ ਸਿੰਘ ਤੇ ਉਨ੍ਹਾਂ ਦੇ ਜਿਹੜੇ ਸਾਰੇ ਸਾਥੀਆਂ ਦੀ ਟੀਮ ਤੁਰਤ-ਫੁਰਤ ਅਬੂ ਧਾਬੀ ਪੁੱਜੀ ਸੀ, ਉਹ ਸਾਰੇ ਹੀ ਪਾਲਤੂ ਜਾਨਵਰਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਸਨ। ਮੱਧ-ਪੂਰਬੀ ਦੇਸ਼ਾਂ ਦੇ ਮੀਡੀਆ ਨੇ ਇਸ ਟੀਮ ਦਾ ਭਰਪੂਰ ਸੁਆਗਤ ਕੀਤਾ। ਇਨ੍ਹਾਂ ਦੀਆਂ ਖ਼ਬਰਾਂ ਪੜ੍ਹ ਕੇ ਹੋਰ ਵੀ ਕਈ ਪਸ਼ੂ-ਪ੍ਰੇਮੀ ਉਸ ‘ਮੰਦਭਾਗੀ’ ਥਾਂ ’ਤੇ ਪੁੱਜਣ ਲੱਗੇ ਤੇ ਉਨ੍ਹਾਂ ’ਚੋਂ ਕਈ ਬਲੂੰਗੜੇ ਤੇ ਬਿੱਲੀਆਂ ਨੂੰ ਪਾਲਣ ਲਈ ਉਹ ਆਪਣੇ ਨਾਲ ਲੈ ਗਏ।

ਮਹਿਤਾਬ-ਉਦ-ਦੀਨ, ਜਲੰਧਰ : ਬਹੁ-ਚਰਚਿਤ ਪੰਜਾਬੀ ਲੇਖਿਕਾ ਅਮਰ ਜਿਓਤੀ ਦੀ ਧੀ ਚੀਕੂ ਸਿੰਘ ਅੱਜ-ਕੱਲ੍ਹ ਕੌਮਾਂਤਰੀ ਪੱਧਰ ਦੇ ਅਖ਼ਬਾਰਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਮਾਮਲੇ ਨੂੰ ਲੈ ਕੇ ਇੰਗਲੈਂਡ ਦੇ ਨਾਗਰਿਕ ਚੀਕੂ ਸਿੰਘ ਹੁਰਾਂ ਦਾ ਹੁਣ ਜ਼ਿਕਰ ਚੱਲ ਰਿਹਾ ਹੈ, ਉਹ ਲੂੰ-ਕੰਡੇ ਖੜ੍ਹੇ ਕਰ ਕੇ ਰੱਖ ਦੇਣ ਵਾਲਾ ਹੈ। ਇਹ ਮੁੱਦਾ ਇਨਸਾਨੀਅਤ ਦੇ ਜਾਨਵਰਾਂ ਪ੍ਰਤੀ ਫ਼ਰਜ਼ਾਂ ਨੂੰ ਸਮਰਪਿਤ ਹੈ। ਦਰਅਸਲ, ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਰਹਿੰਦੇ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਨੂੰ ਅਬੂ ਧਾਬੀ ਦੇ ਸੜਦੇ-ਬਲ਼ਦੇ ਮਾਰੂਥਲ ’ਅਲ-ਫ਼ਲਾਹ’ ’ਚ ਇਕ ਅਜਿਹੀ ਥਾਂ ਮਿਲੀ ਸੀ, ਜਿੱਥੇ ਲੋਕਾਂ ਨੇ ਵੱਡੇ ਪੱਧਰ ’ਤੇ ਆਪਣੀਆਂ ਪਾਲਤੂ ਬਿੱਲੀਆਂ ਨੂੰ ਮਰਨ ਲਈ ਛੱਡਿਆ ਹੋਇਆ ਸੀ।
ਵਰਨਣਯੋਗ ਹੈ ਕਿ ਮੱਧ-ਪੂਰਬੀ ਦੇਸ਼ਾਂ ’ਚ ਕੁੱਤਿਆਂ ਨਾਲੋਂ ਬਿੱਲੀਆਂ ਨੂੰ ਘਰਾਂ ’ਚ ਰੱਖਣ ਦਾ ਰਿਵਾਜ ਵਧੇਰੇ ਹੈ ਪਰ ਇਹ ਗੱਲ ਕਿਸੇ ਦੇ ਸਮਝੀਂ ਨਹੀਂ ਪਈ ਕਿ ਆਖ਼ਰ ਇਸ ਇਕ ਜਗ੍ਹਾ ’ਤੇ ਲੋਕਾਂ ਨੇ ਕਿਵੇਂ ਤੇ ਕਿਉਂ ਮਿੱਥ ਕੇ ਆਪਣੇ ਮਾਸੂਮ ਪਾਲਤੂ ਬਿੱਲੀਆਂ ਨੂੰ ਇੰਜ ਸੁੰਨਸਾਨ ਤੇ 50 ਡਿਗਰੀ ਸੈਲਸੀਅਸ (122 ਡਿਗਰੀ ਫਾਰਨਹੀਟ) ਤਾਪਮਾਨ ਵਾਲੇ ਬੀਆਬਾਨ ਰੇਗਿਸਤਾਨ ’ਚ ਭੁੱਖੀਆਂ-ਭਾਣੀਆਂ ਮਰਨ ਲਈ ਛੱਡਣਾ ਸ਼ੁਰੂ ਕਰ ਦਿੱਤਾ।
ਉੱਧਰ ਜਿਵੇਂ ਹੀ ਪਾਲਤੂ ਬਿੱਲੀਆਂ ’ਤੇ ਹੋ ਰਹੇ ਇਸ ਮੂਕ ਤਸ਼ੱਦਦ ਦੀ ਖ਼ਬਰ ਯੂਕੇ ਪੁੱਜੀ ਤਾਂ ਬੀਬਾ ਚੀਕੂ ਸਿੰਘ ਆਪਣੇ ਕੁਝ ‘ਪੈੱਟ ਲਵਰ’ ਦੋਸਤਾਂ ਦੀ ਪੂਰੀ ਟੀਮ ਨਾਲ ਅਬੂ ਧਾਬੀ ਰਵਾਨਾ ਹੋ ਗਏ। ਅੱਗਿਓਂ ਅਬੂ ਧਾਬੀ, ਦੁਬਈ, ਸ਼ਾਰਜਾਹ ਤੇ ਹੋਰ ਦੇਸ਼ਾਂ ਦੇ ਪਸ਼ੂ-ਪ੍ਰੇਮੀ ਵੀ ਉਨ੍ਹਾਂ ਦੇ ਨਾਲ ਹੋ ਤੁਰੇ। ਉਹ ਸਾਰੇ ਜਦੋਂ ਉਸ ਰੇਗਿਸਤਾਨ ’ਚ ਪੁੱਜੇ ਤਾਂ ਉਨ੍ਹਾਂ ਦਾ ਸਾਹਮਣਾ ਡੇਢ ਸੌ ਤੋਂ ਵੱਧ ਬਿੱਲੀਆਂ ਤੇ ਬਲੂੰਗੜਿਆਂ ਨਾਲ ਹੋਇਆ; ਜਿਨ੍ਹਾਂ ’ਚੋਂ 60 ਤਾਂ ਰੇਗਿਸਤਾਨ ਦੀ ਤਪਦੀ ਮਿੱਟੀ ਦਾ ਤਿੱਖੜ ਸੇਕ ਨਾ ਝੱਲਦੀਆਂ ਦਮ ਤੋੜ ਚੁੱਕੀਆਂ ਸਨ, ਜਦ ਕਿ 94 ਨੂੰ ਬਚਾ ਕੇ ਸੁਰੱਖਿਅਤ ਠੰਢੇ ਸਥਾਨਾਂ ’ਤੇ ਪਹੁੰਚਾਇਆ ਗਿਆ। ਜਿਨ੍ਹਾਂ ਬਿੱਲੀਆਂ ’ਚ ਥੋੜ੍ਹੀ-ਬਹੁਤ ਜਾਨ ਬਚੀ ਹੋਈ ਸੀ, ਉਹ ਇਨਸਾਨਾਂ ਨੂੰ ਵੇਖ ਕੇ ਦੁਪਹਿਰ ਸਮੇਂ ਤਪਦੀ ਰੇਤ ’ਚ ਕਿਵੇਂ ਨਾ ਕਿਵੇਂ ਡਿਗਦੀਆਂ-ਢਹਿੰਦੀਆਂ ਟੀਮ ਦੇ ਮੈਂਬਰਾਂ ਤੱਕ ਪੁੱਜਣ ਲੱਗੀਆਂ। ਉਹ ਛਿਣ ਬਹੁਤ ਦੁਖਦਾਈ ਸਨ। ਪਤਾ ਨਹੀਂ ਕਿੰਨੇ ਕੁ ਦਿਨਾਂ ਦੇ ਰੇਤਲੇ ਤੂਫ਼ਾਨਾਂ ਨੇ ਉਨ੍ਹਾਂ ਦੀ ਹਾਲਤ ਖ਼ਰਾਬ ਕੀਤੀ ਹੋਈ ਸੀ। ਕਈ ਬਿੱਲੀਆਂ ਦੀਆਂ ਰੇਤ ਅੰਦਰ ਆਪ-ਮੁਹਾਰੇ ਕਬਰਾਂ ਬਣੀਆਂ ਹੋਈਆਂ ਸਨ ਪਰ ਕੁਝ ਲਾਸ਼ਾਂ ਅੱਧਕੱਜੀਆਂ ਵੀ ਸਨ।
ਇੰਗਲੈਂਡ ’ਚ ਆਈਟੀ ਪ੍ਰਾਜੈਕਟ ਮੈਨੇਜਮੈਂਟ ਦੇ ਮੁਖੀ ਵਜੋਂ ਵਿਚਰ ਰਹੇ ਚੀਕੂ ਸਿੰਘ ਦੱਸਦੇ ਹਨ ਕਿ ਉਨ੍ਹਾਂ ਛਿਣਾਂ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਣਗੇ। ਇੰਨੇ ਸੋਹਣੇ ਪਸ਼ੂਆਂ ਦੀ ਇੰਨੀ ਮਾੜੀ ਦਸ਼ਾ ਤੇ ਬੇਕਦਰੀ - ਜਿਹੜੇ ਲੋਕ ਉਨ੍ਹਾਂ ਨੂੰ ਇੰਜ ਲਾਵਾਰਸ ਤੇ ਬੇਸਹਾਰਾ ਹਾਲਤ ’ਚ ਛੱਡ ਕੇ ਗਏ ਸਨ, ਉਨ੍ਹਾਂ ਦੀ ਸੋਚ ਤੇ ਸਮਝ ’ਤੇ ਗੁੱਸੇ ਦੀ ਥਾਂ ਤਰਸ ਆ ਰਿਹਾ ਸੀ। ਇਹ ਸਭ ਦੱਸਦਿਆਂ ਵੀ ਚੀਕੂ ਸਿੰਘ ਦੀਆਂ ਅੱਖਾਂ ’ਚੋਂ ਅੱਥਰੂ ਤਿੱਪ-ਤਿੱਪ ਵਹਿ ਰਹੇ ਸਨ। ਉਨ੍ਹਾਂ ਬੇਜ਼ੁਬਾਨਾਂ ਨੂੰ ਬਚਾਉਣ ਲਈ ਚੀਕੂ ਸਿੰਘ ਤੇ ਉਨ੍ਹਾਂ ਦੀ ਟੀਮ ਨੂੰ ਦਿਨ-ਰਾਤ ਕੰਮ ਕਰਨਾ ਪਿਆ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਬਿੱਲੀਆਂ ਦੇ ਖ਼ਤਰੇ ’ਚ ਹੋਣ ਦੀ ਖ਼ਬਰ ਸੁਣ ਕੇ ਚੀਕੂ ਸਿੰਘ ਤੇ ਉਨ੍ਹਾਂ ਦੇ ਜਿਹੜੇ ਸਾਰੇ ਸਾਥੀਆਂ ਦੀ ਟੀਮ ਤੁਰਤ-ਫੁਰਤ ਅਬੂ ਧਾਬੀ ਪੁੱਜੀ ਸੀ, ਉਹ ਸਾਰੇ ਹੀ ਪਾਲਤੂ ਜਾਨਵਰਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਸਨ। ਮੱਧ-ਪੂਰਬੀ ਦੇਸ਼ਾਂ ਦੇ ਮੀਡੀਆ ਨੇ ਇਸ ਟੀਮ ਦਾ ਭਰਪੂਰ ਸੁਆਗਤ ਕੀਤਾ। ਇਨ੍ਹਾਂ ਦੀਆਂ ਖ਼ਬਰਾਂ ਪੜ੍ਹ ਕੇ ਹੋਰ ਵੀ ਕਈ ਪਸ਼ੂ-ਪ੍ਰੇਮੀ ਉਸ ‘ਮੰਦਭਾਗੀ’ ਥਾਂ ’ਤੇ ਪੁੱਜਣ ਲੱਗੇ ਤੇ ਉਨ੍ਹਾਂ ’ਚੋਂ ਕਈ ਬਲੂੰਗੜੇ ਤੇ ਬਿੱਲੀਆਂ ਨੂੰ ਪਾਲਣ ਲਈ ਉਹ ਆਪਣੇ ਨਾਲ ਲੈ ਗਏ। ਅਬੂ ਧਾਬੀ ਦੇ ਕੁਝ ਅਜਿਹੇ ਦੁਖੀ ਪਸ਼ੂ-ਪ੍ਰੇਮੀ ਅਜਿਹੇ ਵੀ ਸਾਹਮਣੇ ਆਏ, ਜਿਨ੍ਹਾਂ ਦੀਆਂ ਬਿੱਲੀਆਂ ਹੈਰਾਨੀਜਨਕ ਢੰਗ ਨਾਲ ਗ਼ਾਇਬ ਹੋ ਗਈਆਂ ਸਨ ਪਰ ਬਾਅਦ ’ਚ ਉਹ ਰੇਗਿਸਤਾਨ ’ਚੋਂ ਮਿਲੀਆਂ।
ਉਂਜ ਅਬੂ ਧਾਬੀ ਦੀ ਸਰਕਾਰ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਮਿਉਂਸਪੈਲਿਟੀਜ਼ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪੜਤਾਲ ਲਈ ਨਿਯੁਕਤ ਕੀਤਾ ਗਿਆ ਹੈ। ਇੰਜ ਜਿੱਥੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ, ਉੱਥੇ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ, ਅਜਿਹੇ ਉਪਰਾਲੇ ਵੀ ਕੀਤੇ ਜਾਣਗੇ।
ਚੀਕੂ ਸਿੰਘ ਪਹਿਲਾਂ ਭਾਰਤ, ਅਮਰੀਕਾ, ਹਾਲੈਂਡ ਤੇ ਸਪੇਨ ’ਚ ਵੀ ਇੰਝ ਹੀ ਜਾਨਵਰਾਂ ਨੂੰ ਬਚਾਉਣ ਦੀਆਂ ਮੁਹਿੰਮਾਂ ਚਲਾ ਚੁੱਕੇ ਹਨ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ, ਡੱਚ, ਜਰਮਨ ਭਾਸ਼ਾਵਾਂ ਬੋਲ ਲੈਂਦੇ ਹਨ ਪਰ ਘਰ ’ਚ ਉਨ੍ਹਾਂ ਦੀ ਗੱਲਬਾਤ ਪੰਜਾਬੀ ’ਚ ਹੀ ਹੁੰਦੀ ਹੈ।