Punjab Bandh : ਅੱਜ ਪੰਜਾਬ ਰਹੇਗਾ ਮੁਕੰਮਲ ਬੰਦ, ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਰਹਿਣਗੀਆਂ ਬੰਦ
ਆਗੂਆਂ ਨੇ ਕਿਹਾ ਕਿ ਬੁੱਧਵਾਰ ਨੂੰ ਪੂਰੇ ਪੰਜਾਬ ’ਚ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਜਾਵੇਗਾ। ਜਿਸ ’ਚ ਸਾਰੇ ਵਿਦਿਅਕ ਅਦਾਰੇ, ਟ੍ਰਾਂਸਪੋਰਟ, ਬਾਜ਼ਾਰ ਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ ਤੇ ਐਂਬੂਲੈਂਸ, ਦਾਹ ਸੰਸਕਾਰ ਦੀਆਂ ਗੱਡੀਆਂ, ਆਰਮੀ, ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ ਤੇ ਹੋਰ ਜ਼ਰੂਰੀ ਸੇਵਾਵਾਂ ਚਲਦੀਆਂ ਰਹਿਣਗੀਆਂ।
Publish Date: Wed, 09 Aug 2023 08:17 AM (IST)
Updated Date: Wed, 09 Aug 2023 11:26 AM (IST)
ਮਨਜੀਤ ਸ਼ੇਮਾਰੂ, ਜਲੰਧਰ : ਪਿਛਲੇ ਕੁਝ ਮਹੀਨੀਆਂ ਤੋਂ ਮਨੀਪੁਰ ’ਚ ਈਸਾਈ ਭਾਈਚਾਰੇ ਦੇ ਲੋਕਾਂ ’ਤੇ ਅਤਿਆਚਾਰ ਤੇ ਅਣਮਨੁੱਖੀ ਤਸ਼ੱਦਦ ਹੋ ਰਿਹਾ ਹੈ। ਇਸ ਨਾਲ ਪੂਰੇ ਭਾਰਤ ਵਾਸੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਰੋਸ ਵਜੋਂ ਪੰਜਾਬ ’ਚ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਬੰਦ ਕਰ ਕੇ ਵੱਖੋ-ਵੱਖ ਜਗ੍ਹਾ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੋਸਨਾ ਪੰਜਾਬੀ ਮਨਿਸਟਰੀ ਦੇ ਪ੍ਰਧਾਨ ਤਰਸੇਮ ਸਹੋਤਾ, ਰਾਜਨੀਤਕ ਵਿੰਗ ਦੇ ਪ੍ਰਧਾਨ ਐਂਥਨੀ ਮਸੀਹ, ਜਰਨਲ ਸੱਕਤਰ ਪਾਸਟਰ ਪੇ੍ਰਮ ਮਸੀਹ, ਯੂਨਾਈਟਿਡ ਪੀਪਲਸ ਲੀਗ ਦੇ ਪ੍ਰਧਾਨ ਸਨਾਵਰ ਭੱਟੀ, ਜਰਨਲ ਸਕੱਤਰ ਜੋਨ ਮਸੀਹ ਜੋਨੀ, ਕ੍ਰਿਸ਼ਚਿਅਨ ਪਾਸਟਰਸ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਪਾਲ ਮਸੀਹ, ਚੇਅਰਮੈਨ ਪਾਸਟਰ ਅਲੀਆਜਰ ਮਸੀਹ ਨੇ ਇਕ ਸਾਂਝੇ ਬਿਆਨ ਰਾਹੀਂ ਕੀਤਾ। ਆਗੂਆਂ ਨੇ ਕਿਹਾ ਕਿ ਬੁੱਧਵਾਰ ਨੂੰ ਪੂਰੇ ਪੰਜਾਬ ’ਚ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਜਾਵੇਗਾ ਜਿਸ ’ਚ ਸਾਰੇ ਵਿਦਿਅਕ ਅਦਾਰੇ, ਟ੍ਰਾਂਸਪੋਰਟ, ਬਾਜ਼ਾਰ ਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ ਤੇ ਐਂਬੂਲੈਂਸ, ਦਾਹ ਸੰਸਕਾਰ ਦੀਆਂ ਗੱਡੀਆਂ, ਆਰਮੀ, ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ ਤੇ ਹੋਰ ਜ਼ਰੂਰੀ ਸੇਵਾਵਾਂ ਚਲਦੀਆਂ ਰਹਿਣਗੀਆਂ।
ਉਕਤ ਆਗੂਆਂ ਨੇ ਕਿਹਾ ਕਿ ਇਸ ਧਰਨੇ ’ਚ ਡਾਇਊਸ ਆਫ ਜਲੰਧਰ (ਕੈਥੋਲਿਕ), ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਪੰਜਾਬ ਕ੍ਰਿਸ਼ਚਿਅਨ ਮੂਵਮੈਂਟ, ਯੂਨਾਇਟਡ ਪਾਸਟਰ ਐਸੋਸੀਏਸ਼ਨ, ਹੋਸਨਾ ਪੰਜਾਬੀ ਮਨੀਸਟਰੀ, ਯੂਨਾਈਟਿਡ ਪੀਪਲਸ ਲੀਗ, ਮਨੀਪੁਰ ਇਨਸਾਫ਼ ਮੋਰਚਾ, ਐਗਲੀਕਨ ਚਰਚ, ਸਾਲਵੇਸ਼ਨ ਆਰਮੀ, ਰਮਨ ਹੰਸ ਮਿਨਿਸਟਰੀ, ਵਾਲਮੀਕਿ ਟਾਈਗਰ ਫੋਰਸ, ਅੰਬੇਡਕਰ ਸੈਨਾ, ਆਵਾਜ਼-ਏ-ਕੌਮ, ਭਗਵਾਨ ਵਾਲਮੀਕਿ ਕ੍ਰਾਂਤੀ ਸੇਵਾ ਤੇ ਹੋਰ ਸੰਸਥਾਵਾਂ ਸ਼ਾਮਲ ਹਨ। ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮਸੀਹ ਭਾਈਚਾਰੇ ਵੱਲੋਂ 9 ਅਗਸਤ ਨੂੰ ਰੱਖੇ ਗਏ ਪੰਜਾਬ ਬੰਦ ’ਚ ੁਬਹੁਜਨ ਸਮਾਜ ਪਾਰਟੀ ਸ਼ਮੂਲੀਅਤ ਕਰੇਗੀ।