ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਤੋੜਨ ਦੇ ਮੁਜ਼ਰਮਾਂ ਨੂੰ ਸਜ਼ਾ ਦਿਓ
ਮਹਾਨ ਪੰਜਾਬੀ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਤੋੜਨ ਦੇ ਮੁਜ਼ਰਿਮਾਂ ਨੂੰ ਸਜਾ ਦਿਓ
Publish Date: Wed, 28 Jan 2026 07:55 PM (IST)
Updated Date: Wed, 28 Jan 2026 07:58 PM (IST)

-ਲੋਕ ਪੱਖੀ ਸਾਹਿਤਕਾਰ ਤੇ ਸੂਫੀ ਸਾਹਿਤ ਪ੍ਰੇਮੀ ਅੱਗੇ ਆਉਣ : ਕਮੇਟੀ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਮਹਾਨ ਪੰਜਾਬੀ ਸੂਫ਼ੀ ਕਵੀ, ਦਰਵੇਸ਼ ਸੰਤ ਤੇ ਮਨੁੱਖੀ ਕਦਰਾਂ-ਕੀਮਤਾਂ ਦੇ ਰਾਖੇ ਬਾਬਾ ਬੁੱਲ੍ਹੇ ਸ਼ਾਹ ਦੀ ਉੱਤਰਾਖੰਡ ਦੇ ਮੰਸੂਰੀ ਵਿਖੇ ਬਣੀ ਮਜ਼ਾਰ ਨੂੰ ਤੋੜੇ ਜਾਣ ਦੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਤੁਰੰਤ ਤੇ ਕੜੀ ਕਾਰਵਾਈ ਦੀ ਮੰਗ ਕੀਤੀ ਹੈ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਇਹ ਹਰਕਤ ਫਿਰਕੂ ਨਫ਼ਰਤ ਫੈਲਾਉਣ ਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ। ਕਮੇਟੀ ਆਗੂਆਂ ਨੇ ਸਰਕਾਰ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਹਮਲੇ ਦੀ ਜ਼ਿੰਮੇਵਾਰੀ ਖੁੱਲ੍ਹੇਆਮ ਲੈਣ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਢੁਕਵੀਂ ਕਾਰਵਾਈ ਨਾ ਹੋਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ ਧਾਰਮਿਕ ਕੱਟੜਪੁਣੇ, ਫਿਰਕਾਪ੍ਰਸਤੀ ਤੇ ਅੰਧਵਿਸ਼ਵਾਸਾਂ ਖ਼ਿਲਾਫ਼ ਇਕ ਮਜ਼ਬੂਤ ਆਵਾਜ਼ ਰਹੀ ਹੈ, ਜਿਸ ਕਾਰਨ ਅਜਿਹੀਆਂ ਤਾਕਤਾਂ ਹਮੇਸ਼ਾ ਉਸ ਤੋਂ ਘਬਰਾਈਆਂ ਰਹੀਆਂ ਹਨ। ਕਮੇਟੀ ਨੇ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਸਾਂਝੀ ਪੰਜਾਬੀ ਵਿਰਾਸਤ ਦਾ ਅਮੋਲਕ ਹੀਰਾ ਹਨ ਤੇ ਅੱਜ ਦੇ ਸਮੇਂ ’ਚ ਹੋਰ ਵੀ ਵਧੇਰੇ ਪ੍ਰਸੰਗਿਕ ਹਨ। ਉਨ੍ਹਾਂ ਪੰਜਾਬ ਦੀਆਂ ਸਾਹਿਤਕ, ਸੱਭਿਆਚਾਰਕ, ਵਿਦਿਅਕ ਤੇ ਜਨਤਕ ਜਮਹੂਰੀ ਸੰਸਥਾਵਾਂ, ਯੂਨੀਵਰਸਿਟੀਆਂ, ਵਕੀਲਾਂ, ਤਰਕਸ਼ੀਲਾਂ ਤੇ ਵਿਦਿਆਰਥੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਫਿਰਕੂ ਹਮਲੇ ਖ਼ਿਲਾਫ਼ ਇਕੱਠੇ ਹੋ ਕੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਵਿਰਾਸਤੀ ਯਾਦਗਾਰਾਂ ’ਤੇ ਅਜਿਹੇ ਹਮਲਿਆਂ ਨੂੰ ਰੋਕਿਆ ਜਾ ਸਕੇ।