ਜਲੰਧਰ ਸੈਕਟਰੀਏਟ ਸਾਹਮਣੇ ਗੰਨੇ ਦੀਆ ਮੰਗਾਂ ਨੂੰ ਲੈ ਕੇ ਚੇਤਾਵਨੀ ਰੋਸ਼ ਪ੍ਰਦਰਸ਼ਨ

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ਦੇ ਗੰਨਾ ਕਾਸ਼ਤਕਾਰਾਂ ਨੇ ਉਨ੍ਹਾਂ ਵੱਲੋਂ ਮਿੱਲਾਂ ਨੂੰ ਦਿੱਤੇ ਗਏ ਗੰਨੇ ਦੀ ਬਕਾਇਆ ਕਰੋੜਾਂ ਰੁਪਏ ਦੀ ਰਾਸ਼ੀ ਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਸੀਜ਼ਨ ਦੌਰਾਨ 61 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 93 ਕਰੋੜ ਦੀ ਰਾਸ਼ੀ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਅਗਲੇ 2 ਦਿਨਾਂ ’ਚ ਉਨ੍ਹਾਂ ਦੀਆ ਮੰਗਾਂ ਨਾਲ ਮੰਨੀਆਂ ਤਾਂ 21 ਨਵੰਬਰ ਜ਼ਿਲ੍ਹੇ ’ਚ ਨੈਸ਼ਨਲ ਹਾਈਵੇ ਤੇ ਰੇਲ ਚੱਕਾ ਜਾਮ ਕਰ ਦਿੱਤਾ ਜਾਵੇਗਾ। ਗੰਨਾ ਕਾਸ਼ਤਕਾਰਾਂ ਨੇ ਇਹ ਐਲਾਨ ਮੰਗਲਵਾਰ ਨੂੰ ਇੱਥੇ ਡੀਸੀ ਦਫਤਰ ਦੇ ਸਾਹਮਣੇ ਪੁੱਡਾ ਮੈਦਾਨ ’ਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਕੀਤਾ। ਇਹ ਰੋਸ ਪ੍ਰਦਰਸ਼ਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀਨੰਗਲ, ਬੀਕੇਯੂ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਰਣਜੀਤ ਸਿੰਘ ਛੱਲ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ’ਚ ਜ਼ਿਲ੍ਹੇ ਤੋਂ ਇਨ੍ਹਾਂ ਜਥੇਬੰਦੀਆ ਦੇ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਏ।
ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜ਼ਨ ਦੀ ਬਕਾਇਆ 61 ਰੁਪਏ ਦੀ ਤਕਰੀਬਨ 93 ਕਰੋੜ ਰੁਪਏ ਦੀ ਅਦਾਇਗੀ ਤੇ ਸਹਿਕਾਰੀ ਖੰਡ ਮਿੱਲਾਂ ਦੀ ਕਰੀਬ 120 ਕਰੋੜ ਰੁਪਏ, ਫਗਵਾੜਾ ਮਿੱਲ ਦੀ ਪਿਛਲੀ ਬਕਾਇਆ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਵੀ ਸਰਕਾਰ ਨੇ ਜਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਵਾਂ ਗੰਨੇ ਦੇ ਸੀਜ਼ਨ ਨਵੰਬਰ ਮਹੀਨੇ ਸ਼ੁਰੂ ਕੀਤਾ ਜਾਂਦਾ ਹੈ ਪਰ ਪੰਜਾਬ ਸਰਕਾਰ ਬਾਰੇ ਪੂਰੀ ਤਰ੍ਹਾਂ ਚੁੱਪ ਵੱਟੀ ਬੈਠੀ ਹੈ। ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ’ਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਤਾਂ ਗੰਨੇ ਦੇ ਰੇਟ ਦਾ ਐਲਾਨ ਕੀਤਾ ਹੈ ਤੇ ਨਾ ਹੀ ਸ਼ੂਗਰ ਮਿੱਲਾਂ ਚੱਲਣ ਦੀ ਤਰੀਕ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਕਾਰਨ ਗੰਨਾ ਕਾਸ਼ਤਕਾਰ ਚਿੰਤਾ ’ਚ ਹਨ। ਉਨ੍ਹਾਂ ਮੰਗ ਕੀਤੀ ਕਿ ਗੰਨੇ ਦੇ ਭਾਅ ’ਚ ਵਾਧਾ ਕਰਕੇ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਸਹਿਕਾਰੀ ਖੰਡ ਮਿੱਲਾਂ ਦੀ ਤਰਜ਼ ’ਤੇ ਇਕ ਕਾਊਂਟਰ ’ਤੇ ਪੇਮੈਂਟ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਬਾਕੀ ਫਸਲਾਂ ਦਾ ਭਾਅ ਬਿਜਾਈ ਤੋਂ ਪਹਿਲਾਂ ਨਿਰਧਾਰਤ ਕੀਤਾ ਜਾਂਦਾ ਹੈ, ਗੰਨੇ ਦਾ ਭਾਅ ਵੀ ਬਿਜਾਈ ਤੋਂ ਪਹਿਲਾਂ ਐਲਾਨ ਕੇ ਨੋਟੀਫਿਕੇਸ਼ਨ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ 20 ਨਵੰਬਰ ਤੱਕ ਪੰਜਾਬ ਸਰਕਾਰ ਫੈਸਲਾ ਕਰਦੀ ਹੈ ਤਾਂ ਠੀਕ ਨਹੀਂ ਤਾਂ 21 ਨਵੰਬਰ ਨੂੰ ਵੱਡੇ ਪੱਧਰ ’ਤੇ ਜਲੰਧਰ ’ਚ ਧੰਨੋਵਾਲੀ ਨੈਸ਼ਨਲ ਹਾਈਵੇ ਤੇ ਰੇਲਵੇ ਟ੍ਰੈਕ ਜਾਮ ਕੀਤੇ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੁਖਬੀਰ ਸਿੰਘ ਕੁੱਕੜ ਪਿੰਡ ਪ੍ਰਧਾਨ ਕੈਂਟ ਜਲੰਧਰ, ਹਰਵਿੰਦਰ ਪਾਲ ਸਿੰਘ ਡੱਲੀ ਵਾਈਸ ਪ੍ਰਧਾਨ, ਪ੍ਰਿਤਪਾਲ ਸਿੰਘ ਗੁਰਾਇਆ ਜਨਰਲ ਸਕੱਤਰ ਪੰਜਾਬ, ਸੁਖਵਿੰਦਰ ਸਿੰਘ ਦਰਾਵਾਂ ਮੁਖ ਬੁਲਾਰਾ, ਪਰਮਿੰਦਰ ਸਿੰਘ ਚੀਮਾ, ਬਾਬਾ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਭੋਗਪੁਰ, ਚਰਨਜੀਤ ਸਿੰਘ ਡੱਲਾ, ਦੀਦਾਰ ਸਿੰਘ ਨੰਗਲ ਰਾਈਆਂ, ਅਵਤਾਰ ਸਿੰਘ ਜੰਡੀਰ ਸਰਪੰਚ, ਜਸਬੀਰ ਸਿੰਘ ਬੜਾ ਪਿੰਡ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਚੱਕ ਝੰਡੂ, ਗੁਰਦੇਵ ਸਿੰਘ ਬਬਲੀ ਡੱਲਾ, ਰਣਜੀਤ ਸਿੰਘ ਖੇਲਾ, ਹਰਵਿੰਦਰ ਸਿੰਘ ਰਾਣਾ ਮਠੋਡਾ, ਜਸਪਾਲ ਸਿੰਘ ਸ਼ਾਦੀਪੁਰ, ਸਿੰਘ ਸਰਪੰਚ ਬਲੀਨਾ, ਬਾਬਾ ਜੱਗਾ ਮਾਧੋਪੁਰ, ਰੁਪਿੰਦਰ ਸਿੰਘ ਸਗਰਾਵਾਲੀ, ਮਨਵੀਰ ਸਿੰਘ ਕੂਟਾ, ਨਰਿੰਦਰ ਸਿੰਘ ਬਲਾਕ ਪ੍ਰਧਾਨ ਭੋਗਪੁਰ, ਸੁੱਖਾ ਕਾਲੋਨੀ, ਰਣਜੀਤ ਸਿੰਘ, ਰਾਜ ਸਿੰਘ ਵਿਰਕ ਖਾਲਸਾ ਟਾਂਡਾ, ਨਰਿੰਦਰ ਸਿੰਘ ਮਹਿਤਪੁਰ, ਅਮਰੀਕ ਸਰਪੰਚ, ਸ਼ਮਾ ਕਰੇਸ਼ੀਆ ਆਦਿ ਹਾਜ਼ਰ ਸਨ।