ਕਿੱਲੋਮੀਟਰ ਸਕੀਮ ਖ਼ਿਲਾਫ਼ ਦੋ ਘੰਟੇ ਨਹੀਂ ਚਲੀਆਂ ਬੱਸਾਂ, ਟੈਂਡਰ 28 ਤੱਕ ਟਲ਼ਿਆ
ਸੰਵਾਦ ਸਹਿਯੋਗ, ਜਾਗਰਣ, ਜਲੰਧਰ
Publish Date: Mon, 17 Nov 2025 10:53 PM (IST)
Updated Date: Mon, 17 Nov 2025 10:55 PM (IST)

ਸੰਵਾਦ ਸਹਿਯੋਗ, ਜਾਗਰਣ, ਜਲੰਧਰ : ਕਿੱਲੋਮੀਟਰ ਸਕੀਮ ਖ਼ਿਲਾਫ਼ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਕੰਟ੍ਰੈਕਟ ਮੁਲਾਜ਼ਮਾਂ ਨੇ ਸੋਮਵਾਰ ਨੂੰ ਅਚਾਨਕ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚੱਲੀ ਇਸ ਕਾਰਵਾਈ ਕਾਰਨ ਜਲੰਧਰ ਸਮੇਤ ਪੂਰੇ ਇਲਾਕੇ ’ਚ ਸਰਕਾਰੀ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੀ। ਚੱਕਾ ਜਾਮ ਉਸ ਸਮੇਂ ਕੀਤਾ ਗਿਆ, ਜਦੋਂ ਸਰਕਾਰ ਵੱਲੋਂ ਸੋਮਵਾਰ ਨੂੰ ਪੀਆਰਟੀਸੀ ਦੇ ਕਿੱਲੋਮੀਟਰ ਸਕੀਮ ਤਹਿਤ ਬੱਸਾਂ ਦਾ ਟੈਂਡਰ ਖੋਲ੍ਹਿਆ ਜਾਣਾ ਸੀ। ਯੂਨੀਅਨ ਦੇ ਦਬਾਅ ਕਾਰਨ ਪਨਬੱਸ ਦਾ ਟੈਂਡਰ ਪਹਿਲਾਂ ਹੀ 28 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਪੀਆਰਟੀਸੀ ਦਾ ਟੈਂਡਰ ਤੈਅ ਤਰੀਕ ’ਤੇ ਖੋਲ੍ਹਣ ਦੀ ਤਿਆਰੀ ਜਾਰੀ ਸੀ। ਇਸ ਦੇ ਵਿਰੋਧ ’ਚ ਮੁਲਾਜ਼ਮਾਂ ਨੇ ਡਿਪੂ ’ਚ ਬੱਸਾਂ ਰੋਕ ਦਿੱਤੀਆਂ। ਵਿਰੋਧ ਪ੍ਰਦਰਸ਼ਨ ਦੌਰਾਨ ਯੂਨੀਅਨ ਦੇ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਵਿਚਾਲੇ ਲਗਾਤਾਰ ਗੱਲਬਾਤ ਚੱਲਦੀ ਰਹੀ। ਜਲੰਧਰ ਡਿਪੂ-1 ਦੇ ਪ੍ਰਧਾਨ ਚਨਨ ਸਿੰਘ ਨੇ ਦੋਸ਼ ਲਾਇਆ ਕਿ ਕਿੱਲੋਮੀਟਰ ਸਕੀਮ ਵਿਭਾਗ ਲਈ ਨੁਕਸਾਨਦਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੇ ਅੰਕੜਿਆਂ ਸਮੇਤ ਦੱਸਿਆ ਗਿਆ ਹੈ ਕਿ ਇਹ ਸਕੀਮ ਘਾਟੇ ਦਾ ਸੌਦਾ ਹੈ। ਜੇ ਇਹ ਸਕੀਮ ਲਾਗੂ ਹੋਈ ਤਾਂ ਨਾ ਸਿਰਫ਼ ਹਜ਼ਾਰਾਂ ਮੁਲਾਜ਼ਮਾਂ ਦਾ ਰੁਜ਼ਗਾਰ ਖਤਰੇ ’ਚ ਹੋਵੇਗਾ, ਬਲਕਿ ਔਰਤਾਂ ਨੂੰ ਮਿਲ ਰਹੀ ਮੁਫਤ ਬੱਸ ਸੇਵਾ ਵੀ ਪ੍ਰਭਾਵਿਤ ਹੋਵੇਗੀ। ਯੂਨੀਅਨ ਨੇ ਸੂਬੇ ਵਿਚ 10,000 ਨਵੀਆਂ ਸਰਕਾਰੀ ਬੱਸਾਂ ਲਿਆਉਣ ਤੇ 8,500 ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਵੀ ਦੁਹਰਾਈ। ਮੌਜੂਦਾ ਸਮੇਂ ’ਚ ਪੰਜਾਬ ਵਿਚ ਲਗਪਗ 5,000 ਸਰਕਾਰੀ ਬੱਸਾਂ ਹੀ ਚੱਲ ਰਹੀਆਂ ਹਨ, ਜੋ ਜ਼ਰੂਰਤ ਦੇ ਮੁਕਾਬਲੇ ਕਾਫੀ ਘੱਟ ਮੰਨੀਆਂ ਜਾਂਦੀਆਂ ਹਨ। ਲਗਾਤਾਰ ਦਬਾਅ ਕਾਰਨ ਸਰਕਾਰ ਨੇ ਪੀਆਰਟੀਸੀ ਦਾ ਟੈਂਡਰ ਵੀ 28 ਨਵੰਬਰ ਤੱਕ ਮੁਲਤਵੀ ਕਰ ਦਿੱਤਾ। ਇਸ ਤੋਂ ਬਾਅਦ ਯੂਨੀਅਨ ਨੇ ਚੱਕਾ ਜਾਮ ਖਤਮ ਕਰਨ ਦੀ ਐਲਾਨ ਕੀਤੀ। ਹਾਲਾਂਕਿ ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਸਰਕਾਰ ਨੇ ਮੰਗਾਂ ’ਤੇ ਠੋਸ ਫੈਸਲਾ ਨਹੀਂ ਲਿਆ ਤਾਂ 28 ਨਵੰਬਰ ਤੋਂ ਬਾਅਦ ਪੰਜਾਬ ਭਰ ’ਚ ਵੱਡਾ ਅੰਦੋਲਨ ਕੀਤਾ ਜਾਵੇਗਾ। ਫਿਲਹਾਲ ਹੜਤਾਲ ਨੂੰ ਆਰਜ਼ੀ ਤੌਰ ’ਤੇ ਟਾਲ਼ ਦਿੱਤਾ ਗਿਆ ਹੈ ਪਰ ਵਿਵਾਦ ਦੀ ਸਥਿਤੀ ਜਿਉਂ ਦੀ ਤਿਉਂ ਹੈ। ਸਰਕਾਰੀ ਬੱਸਾਂ ਦੇ ਅਚਾਨਕ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਲੰਧਰ ਬੱਸ ਸਟੈਂਡ ’ਤੇ ਸਵੇਰੇ ਤੋਂ ਹੀ ਭੀੜ ਵਧਣ ਲੱਗੀ ਤੇ ਦੁਪਹਿਰ ਹੋਣ ਤੱਕ ਹਾਲਾਤ ਵਿਗੜ ਗਏ। ਲੰਬੀ ਦੂਰੀ ਦੇ ਯਾਤਰੀਆਂ ਤੋਂ ਲੈ ਕੇ ਵਿਦਿਆਰਥੀਆਂ, ਮਜ਼ਦੂਰ ਵਰਗ ਤੇ ਮਹਿਲਾ ਯਾਤਰੀਆਂ ਨੇ ਘੰਟਿਆਂਬੱਧੀ ਤੱਕ ਬੱਸਾਂ ਦਾ ਇੰਤਜ਼ਾਰ ਕੀਤਾ। ਸਰਕਾਰੀ ਬੱਸਾਂ ਦੇ ਨਾ ਚੱਲਣ ਕਾਰਨ ਨਿੱਜੀ ਬੱਸਾਂ ਤੇ ਆਟੋ ਵੱਲ ਰੁਖ ਕਰਨਾ ਪਿਆ। ਕੁਝ ਰੂਟਾਂ ’ਤੇ ਨਿੱਜੀ ਬੱਸਾਂ ’ਚ ਇੰਨੀ ਭੀੜ ਹੋ ਗਈ ਕਿ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫਰ ਕਰਨਾ ਪਿਆ।