ਬਾਇਓਗੈਸ ਪਲਾਂਟ ਦਾ ਵਿਰੋਧ, ਕਿਸਾਨਾਂ ਤੇ ਪਿੰਡ ਵਾਸੀਆਂ ਨੇ ਨੀਂਹ ਭਰ ਕੇ ਬਣਾਇਆ ਰਸਤਾ
ਬਾਇਓ ਗੈਸ ਪਲਾਂਟ ਦਾ ਵਿਰੋਧ, ਕਿਸਾਨਾਂ ਤੇ ਪਿੰਡ ਵਾਸੀਆਂ ਨੇ ਨੀਂਹ ਭਰ ਕੇ ਬਣਾਇਆ ਰਸਤਾ
Publish Date: Sat, 27 Dec 2025 09:46 PM (IST)
Updated Date: Sun, 28 Dec 2025 04:14 AM (IST)

ਇਕ ਦਿਨ ਪਹਿਲਾਂ ਪਲਾਂਟ ਨਿਰਮਾਣ ਦੇ ਵਿਰੋਧ ’ਚ ਡੀਸੀ ਨੂੰ ਸੌਂਪਿਆ ਗਿਆ ਸੀ ਮੰਗ-ਪੱਤਰ ਕਿਸਾਨਾਂ ਦੇ ਸਮਰਥਨ ’ਚ ਵੱਖ-ਵੱਖ ਜਥੇਬੰਦੀਆਂ ਨਾਲ ਭਾਜਪਾ ਤੇ ਅਕਾਲੀ ਦਲ ਦੇ ਨੇਤਾ ਵੀ ਪਹੁੰਚੇ ਲਵਦੀਪ ਬੈਂਸ, ਪੰਜਾਬੀ ਜਾਗਰਣ, ਜਲੰਧਰ ਕੈਂਟ/ਪਤਾਰਾ : ਜਮਸ਼ੇਰ ਖ਼ਾਸ ਦੀ ਚਾਰਾ ਮੰਡੀ ’ਚ ਬਾਇਓਗੈਸ ਪਲਾਂਟ ਲਗਾਉਣ ਦੇ ਪ੍ਰਸਤਾਵ ਦੇ ਵਿਰੋਧ ’ਚ ਸ਼ਨਿੱਚਰਵਾਰ ਨੂੰ ਭਾਜਪਾ, ਕਿਸਾਨ ਜਥੇਬੰਦੀਆਂ ਤੇ ਅਕਾਲੀ ਦਲ ਵੱਲੋਂ ਸਾਂਝੇ ਤੌਰ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਤਿੱਖੀ ਬਹਿਸ ਹੋਈ, ਜਦੋਂ ਪ੍ਰਦਰਸ਼ਨਕਾਰੀਆਂ ਨੇ ਬਾਇਓਗੈਸ ਪਲਾਂਟ ਲਈ ਚੱਲ ਰਹੇ ਕੰਮ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਰੋਸ ਮੁਜ਼ਾਹਰੇ ਦੌਰਾਨ ਉਸ ਸਮੇਂ ਹਾਲਾਤ ਗੰਭੀਰ ਹੋ ਗਏ, ਜਦੋਂ ਕਿਸਾਨਾਂ ਨੇ ਟ੍ਰੈਕਟਰ ਦੀ ਮਦਦ ਨਾਲ ਮੈਦਾਨ ’ਚ ਕੰਧ ਬਣਾਉਣ ਲਈ ਪੁੱਟੀ ਗਈ ਨੀਂਹ ਨੂੰ ਭਰਨਾ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਟ੍ਰੈਕਟਰ ਨੂੰ ਮੌਕੇ ਤੋਂ ਹਟਾਉਣ ਤੋਂ ਬਾਅਦ ਗੁੱਸੇ ’ਚ ਆਏ ਕਿਸਾਨਾਂ ਨੇ ਇੱਟਾਂ ਤੇ ਮਿੱਟੀ ਪਾ ਕੇ ਨੀਂਹ ਭਰਨ ਦਾ ਕੰਮ ਕੀਤਾ ਤੇ ਸੜਕ ਨੂੰ ਆਵਾਜਾਈ ਯੋਗ ਬਣਾਉਣ ਤੋਂ ਬਾਅਦ ਹੀ ਧਰਨਾ ਖਤਮ ਕੀਤਾ। ਹਾਲਾਂਕਿ ਪੁਲਿਸ ਨੂੰ ਸ਼ਾਂਤੀਪੂਰਨ ਰੋਸ ਮੁਜ਼ਾਹਰੇ ’ਤੇ ਕੋਈ ਇਤਰਾਜ਼ ਨਹੀਂ ਸੀ ਪਰ ਬਾਇਓਗੈਸ ਪਲਾਂਟ ਲਈ ਸ਼ੁਰੂ ਕੀਤੇ ਕੰਮ ’ਚ ਰੁਕਾਵਟ ਪੈਦਾ ਹੋਣ ’ਤੇ ਪੁਲਿਸ ਹਰਕਤ ’ਚ ਆ ਗਈ। ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਕਿਸਾਨਾਂ ਦੀ ਚਾਰਾ ਮੰਡੀ ਨੂੰ ਢਾਹ ਕੇ ਉਸ ਦੇ ਨੇੜੇ ਬਾਇਓਗੈਸ ਪਲਾਂਟ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਮਨੁੱਖੀ ਜੀਵਨ ਖ਼ਤਰੇ ’ਚ ਪੈ ਸਕਦਾ ਹੈ ਤਾਂ ਵਿਆਪਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲੋਕਾਂ ਦੇ ਸਮਰਥਨ ਨਾਲ ਪ੍ਰਸ਼ਾਸਨ ਵੱਲੋਂ ਪੁੱਟੀਆਂ ਗਈਆਂ ਦੋਵਾਂ ਸੜਕਾਂ ਨੂੰ ਭਰ ਕੇ ਮੰਡੀ ਕੌਰੀਡੋਰ ਨੂੰ ਮੁੜ ਚਾਲੂ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਆੜ੍ਹਤੀ ਐਸੋਸੀਏਸ਼ਨ, ਗ੍ਰਾਮ ਪੰਚਾਇਤ ਚਿੱਤੇਵਾਣੀ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਪਿੰਡ ਵਾਸੀਆਂ ਵੱਲੋਂ ਚਾਰਾ ਮੰਡੀ ਨੂੰ ਬੰਦ ਕਰ ਕੇ ਪਲਾਂਟ ਬਣਾਉਣ ਦੇ ਵਿਰੋਧ ’ਚ ਡੀਸੀ ਜਲੰਧਰ ਨੂੰ ਮੰਗ-ਪੱਤਰ ਸੌਂਪਿਆ ਗਿਆ ਸੀ। ਬਾਅਦ ’ਚ ਮਾਮਲਾ ਵਿਗੜਦਾ ਦੇਖ ਪੁਲਿਸ ਨੇ ਕੰਧ ਬਣਾਉਣ ਦੇ ਕੰਮ ਨੂੰ ਸੋਮਵਾਰ ਤੱਕ ਲਈ ਮੁਅੱਤਲ ਕਰ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਲੰਧਰ ਕੈਂਟ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਰਾਜਨੀਤਕ ਲਾਭ ਲਈ ਨਹੀਂ ਸਗੋਂ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹੈ। ਉਨ੍ਹਾਂ ਕਿਹਾ ਕਿ ਜਮਸ਼ੇਰ ਚਾਰਾ ਮੰਡੀ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜੀ ਹੋਈ ਹੈ ਤੇ ਇੱਥੇ ਬਾਇਓਗੈਸ ਪਲਾਂਟ ਲਾਉਣਾ ਸਿੱਧਾ ਤੌਰ ’ਤੇ ਲੋਕਾਂ ਦੀ ਸਿਹਤ ਤੇ ਭਵਿੱਖ ਦੋਹਾਂ ਨਾਲ ਹੀ ਖੇਡੀ ਜਾ ਰਹੀ ਖ਼ਤਰਨਾਕ ਖੇਡ ਹੈ। ਉਨ੍ਹਾਂ ਕਿਹਾ ਕਿ ਬਾਇਓਗੈਸ ਪਲਾਂਟ ਤੋਂ ਨਿਕਲਣ ਵਾਲੀ ਬਦਬੂ, ਗੰਦਗੀ ਤੇ ਪ੍ਰਦੂਸ਼ਣ ਨਾਲ ਪੂਰੇ ਇਲਾਕੇ ਦੀ ਹਵਾ, ਪਾਣੀ ਤੇ ਮਾਹੌਲ ਪ੍ਰਭਾਵਿਤ ਹੋਵੇਗਾ। ਇਸ ਨਾਲ ਕਿਸਾਨਾਂ, ਪਸ਼ੂਆਂ ਤੇ ਬੱਚਿਆਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਸੰਘਾ ਨੇ ਸਪੱਸ਼ਟ ਕੀਤਾ ਕਿ ਉਹ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਹਨ ਤੇ ਲੋਕਾਂ ਦੇ ਹੱਕਾਂ ਲਈ ਹਰ ਮੋਰਚੇ ’ਤੇ ਡਟ ਕੇ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਆਵਾਜ਼ ਨੂੰ ਅਣਦੇਖਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੋਹਨ ਸਿੰਘ ਚਾਵਲਾ, ਨਰਿੰਦਰ ਸਿੰਘ ਚਾਵਲਾ, ਸੁਖਵੀਰ ਸਿੰਘ ਦਿਓਲ, ਲਵਪ੍ਰੀਤ ਸਿੰਘ ਸਰਪੰਚ, ਰਣਜੀਤ ਸਿੰਘ, ਸਤਨਾਮ ਸਿੰਘ ਕਾਦੀਆਂ, ਸ਼ਮਿੰਦਰ ਸੰਧੂ (ਮੀਰਾਪੁਰ), ਹਰਨੇਕ ਸਿੰਘ ਲੰਬਰਦਾਰ ਮੀਰਾਪੁਰ, ਜਸਵੰਤ ਸਿੰਘ ਸ਼ੇਰਗਿੱਲ, ਸੋਨੂੰ ਸਰਪੰਚ ਚੌਲਾਂਗ, ਗੁਰਨਾਮ ਸਿੰਘ ਸਰਪੰਚ ਮਚੈਣਾ ਸਮੇਤ ਵੱਡੀ ਗਿਣਤੀ ’ਚ ਕਿਸਾਨ, ਪੰਚ-ਸਰਪੰਚ ਤੇ ਪਿੰਡ ਵਾਸੀ ਸ਼ਾਮਲ ਸਨ। ਬਾਕਸ-- ਸੜਕ ਬੰਦ ਕਰਨ ਕਾਰਨ ਲੋਕਾਂ ’ਚ ਰੋਸ 24 ਦਸੰਬਰ ਨੂੰ ਬਾਜ਼ਾਰ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਪਹਿਲਾਂ ਹੀ ਆਰਥਿਕ ਤੌਰ ’ਤੇ ਤੰਗ ਕਿਸਾਨਾਂ ਨੂੰ ਆਪਣੀਆਂ ਫਸਲਾਂ ਮੰਡੀ ਤੱਕ ਲਿਜਾਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਆਪਣੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਤੇ ਸਰਕਾਰ ਦੇ ਜ਼ੁਲਮਾਂ ਦੇ ਵਿਰੋਧ ’ਚ ਲੋਕਾਂ ਨੇ ਇਕੱਠੇ ਹੋ ਕੇ ਬਾਜ਼ਾਰ ਜਾਣ ਵਾਲੀਆਂ ਸੜਕਾਂ ਨੂੰ ਮੁੜ ਖੋਲ੍ਹ ਦਿੱਤਾ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਮੁੜ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਲੋਕਾਂ ਲਈ ਹਰ ਸੰਘਰਸ਼ ਸ਼ੁਰੂ ਕਰਨ ਤੇ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਕਿਸਾਨ ਆਗੂ ਨੇ ਕਿਹਾ ਕਿ ਆਪਣੇ ਲੋਕਾਂ ਦੇ ਜ਼ਿੰਦਗੀ ਜਿਊਣ ਦੇ ਹੱਕ ਵਾਸਤੇ ਖੜ੍ਹਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੁੱਢਲਾ ਫਰਜ਼ ਹੈ ਤੇ ਇਸ ਲਈ ਉਹ ਆਪਣੇ ਲੋਕਾਂ ਵਾਸਤੇ ਹਰ ਇੱਕ ਸੰਘਰਸ਼ ਵਿੱਢਣ ਤੇ ਲੜਨ ਲਈ ਤਿਆਰ ਹਨ। ਇਸ ਪਲਾਂਟ ’ਚ ਜੋ ਸੀਐੱਨਜੀ ਗੈਸ ਬਣਾਈ ਜਾਣੀ ਹੈ ਉਸ ਦੇ ਰਿਸਾਵ ਦਾ ਖਤਰਾ ਤੇ ਕਿਸੇ ਵੀ ਅਣਹੋਣੀ ਘਟਨਾ ਨਾਲ ਬਹੁਤ ਵੱਡੇ ਪੱਧਰ ਉੱਪਰ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਕੁਲਵਿੰਦਰ ਸਿੰਘ ਮਛਿਆਣਾ ਨੇ ਕਿਹਾ ਕਿ ਜਦੋਂ ਇਹ ਮੰਡੀ ਇਕੱਲੇ ਜਲੰਧਰ ਦੀ ਨਹੀਂ ਪੂਰੇ ਦੁਆਬੇ ਦੀ ਚਾਰਾ ਮੰਡੀ ਹੈ। ਇਸ ਲਈ ਉਹ ਸਰਕਾਰ ਨੂੰ ਚੇਤਾਵਨੀ ਦਿੰਦੇ ਹਨ ਕਿ ਇਹ ਜੋ ਕਿਸਾਨਾਂ ਦੀ ਸਹੂਲਤ ਲਈ ਡੇਅਰੀ ਕੰਪਲੈਕਸ ਦੇ ਨਾਲ ਹੀ ਮੰਡੀ ਡਿਜ਼ਾਇਨ ਕੀਤੀ ਗਈ ਸੀ, ਉਹ ਜਿਉਂ ਦੀ ਤਿਉਂ ਰੱਖੀ ਜਾਵੇ ਤੇ ਜਿਹੜਾ ਬਾਇਓ, ਸੀਐੱਨਜੀ ਗੈਸ ਪਲਾਂਟ ਸਰਕਾਰ ਵੱਲੋਂ ਲਾਇਆ ਜਾਣਾ ਹੈ, ਉਸ ਨੂੰ ਮਨੁੱਖੀ ਵਸੋਂ ਤੋਂ ਦੂਰ ਕਿਸੇ ਨਵੀਂ ਜਗ੍ਹਾ ’ਤੇ ਸ਼ਿਫਟ ਕੀਤਾ ਜਾਵੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਅਮਰੀਕ ਸਿੰਘ ਮੰਡ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਬਜੂਹਾ, ਗੁਰਾਇਆ ਬਲਾਕ ਪ੍ਰਧਾਨ ਸੁਖਬੀਰ ਸਿੰਘ ਸੁੱਖੀ, ਨਕੋਦਰ ਬਲਾਕ ਪ੍ਰਧਾਨ ਹਰਨੇਕ ਸਿੰਘ, ਜੋਗਾ ਸਿੰਘ ਸਰਹਾਲੀ ਤੇ ਹੋਰ ਡੇਅਰੀ ਮਾਲਕ ਜਥੇਬੰਦੀ ਤੇ ਮੈਂਬਰ ਤੇ ਅਹੁਦੇਦਾਰ ਸ਼ਾਮਲ ਸਨ।