ਪੁਲਿਸ ਨੇ ਕਿਸਾਨਾਂ ਨੂੰ ਨਹੀਂ ਰੋਕਣ ਦਿੱਤੀਆਂ ਰੇਲਗੱਡੀਆਂ, ਕੀਤਾ ਗ੍ਰਿਫ਼ਤਾਰ
- ਦੋਆਬਾ ਯੂਨੀਅਨ ਦੇ
Publish Date: Fri, 05 Dec 2025 08:43 PM (IST)
Updated Date: Fri, 05 Dec 2025 09:06 PM (IST)
- ਦੋਆਬਾ ਯੂਨੀਅਨ ਦੇ ਮਨਜੀਤ ਸਿੰਘ ਰਾਏ ਤੇ ਭਾਕਿਯੂ ਬਹਿਰਾਮ ਦੇ ਸੁਖਜਿੰਦਰ ਸਿੰਘ ਸੰਧੂ ਨੂੰ ਸਾਥੀਆਂ ਸਮੇਤ ਕੀਤਾ ਕਾਬੂ
ਪੰਜਾਬੀ ਜਾਗਰਣ ਟੀਮ, ਜਲੰਧਰ ਛਾਉਣੀ : ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਕਿਸਾਨਾਂ ਨੂੰ ਰੇਲ ਪਟਰੀਆਂ ’ਤੇ ਧਰਨੇ ਦੇਣ ਤੋਂ ਰੋਕ ਦਿੱਤਾ। ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਦੁਪਹਿਰ ਇੱਕ ਤੋਂ ਤਿੰਨ ਵਜੇ ਦੇ ਵਿਚਕਾਰ ਰੇਲ ਪਟਰੀਆਂ ’ਤੇ ਧਰਨੇ ਦਿੱਤੇ ਜਾਣਗੇ। ਪੁਲਿਸ ਨੇ ਕਿਸਾਨਾਂ ਨੂੰ ਰੇਲ ਪਟਰੀਆਂ ਤਕ ਪਹੁੰਚਣ ਤੋਂ ਰੋਕਣ ਲਈ ਕੈਂਟ ਰੇਲਵੇ ਸਟੇਸ਼ਨ ’ਤੇ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕਰ ਕੇ ਰੱਖੇ ਸਨ। ਕਿਸਾਨ-ਮਜ਼ਦੂਰ ਮੋਰਚੇ ਨਾਲ ਸਬੰਧਿਤ ਕੁਝ ਕਿਸਾਨ ਜਦੋਂ ਦੁਪਹਿਰ ਇੱਕ ਵਜੇ ਕੈਂਟ ਸਟੇਸ਼ਨ ’ਤੇ ਪਹੁੰਚੇ, ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਕਿਸਾਨਾਂ ਨੇ ਰੇਲ ਟਰੈਕ ’ਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁਲਿਸ ਦੀ ਬੱਸ ਵਿਚ ਬੈਠਾ ਦਿੱਤਾ। ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ ਵਿਚ ਦੋਆਬਾ ਯੂਨੀਅਨ ਦੇ ਮਨਜੀਤ ਸਿੰਘ ਰਾਏ ਅਤੇ ਸੁਖਜਿੰਦਰ ਸਿੰਘ ਸੰਧੂ ਭਾਕਿਯੂ ਬਹਿਰਾਮ ਵੀ ਸ਼ਾਮਲ ਸਨ। ਮਾਹੌਲ ਸ਼ਾਂਤ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਰਿਹਾਈ ਦੇ ਦਿੱਤੀ ਗਈ। ਮੌਕੇ ’ਤੇ ਮੌਜੂਦ ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਰੇਲਵੇ ਟੈਰਕ ’ਤੇ ਧਰਨੇ ਨੂੰ ਲੈ ਕੇ ਕਿਸਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਦਖਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਨ੍ਹਾਂ ਨੂੰ ਧਰਨੇ ਲਾ ਕੇ ਪ੍ਰਦਰਸ਼ਨ ਕਰਨਾ ਹੈ, ਉਹ ਖੁੱਲ੍ਹੇ ਮੈਦਾਨ ’ਚ ਕਰ ਸਕਦੇ ਹਨ। ਕਿਸੇ ਨੂੰ ਵੀ ਰੇਲ ਟਰੈਕ ’ਤੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਪ੍ਰਦਰਸ਼ਨ ਤੋਂ ਪਹਿਲਾਂ ਵੀ ਪੁਲਿਸ ਨੇ ਕੁਝ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਘਰ ’ਤੇ ਨਜ਼ਰਬੰਦ ਕਰ ਦਿੱਤਾ ਸੀ।