ਪ੍ਰੋਫੈਸਰ ਵਿਨੋਦ ਕੁਮਾਰ ਧੀਰ ਦੀ ਰਸਮ ਪੱਗੜੀ ਅੱਜ
ਪ੍ਰੋਫੈਸਰ ਵਿਨੋਦ ਕੁਮਾਰ ਧੀਰ ਦੀ ਰਸਮ ਪੱਗੜੀ ਅੱਜ
Publish Date: Thu, 15 Jan 2026 08:30 PM (IST)
Updated Date: Thu, 15 Jan 2026 09:06 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਮੇਅਰ ਵਨੀਤ ਧੀਰ ਦੇ ਪਿਤਾ ਸਵਰਗਵਾਸੀ ਪ੍ਰੋਫੈਸਰ ਵਿਨੋਦ ਕੁਮਾਰ ਧੀਰ ਦੀ ਰਸਮ ਪੱਗੜੀ 16 ਜਨਵਰੀ ਨੂੰ ਕਪੂਰਥਲਾ ਰੋਡ ਸਥਿਤ ਵਿਕਰਮ ਰਿਸੋਰਟ ’ਚ ਦੁਪਹਿਰ 1:00 ਵਜੇ ਤੋਂ 2:30 ਵਜੇ ਤੱਕ ਹੋਵੇਗੀ। ਮੇਅਰ ਦੇ ਪਿਤਾ ਦਾ 4 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹ ਲੁਧਿਆਣਾ ਦੇ ਆਰਿਆ ਕਾਲਜ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਨੇ 38 ਸਾਲ ਤੱਕ ਕਾਲਜ ’ਚ ਸੇਵਾਵਾਂ ਨਿਭਾਈਆਂ ਤੇ ਵਾਈਸ ਪ੍ਰਿੰਸੀਪਲ ਤੇ ਡੀਨ ਦੇ ਅਹੁਦੇ ਤੋਂ ਰਿਟਾਇਰ ਹੋਏ। ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਵਿਨੋਦ ਧੀਰ ਬਹੁਤ ਹੀ ਸਾਦੇ ਤੇ ਮਿਲਣਸਾਰ ਸੁਭਾਅ ਦੇ ਸਨ। 4 ਜਨਵਰੀ ਨੂੰ ਉਹ ਘਰ ਤੋਂ ਬਾਹਰ ਟਹਿਲ ਰਹੇ ਸਨ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਾ ਜਾ ਸਕਿਆ। ਮੇਅਰ ਵਨੀਤ ਧੀਰ ਨੇ ਰਾਜਨੀਤੀ ’ਚ ਸਿਧਾਂਤ ਤੇ ਇਮਾਨਦਾਰੀ ਦੇ ਗੁਰ ਆਪਣੇ ਪਿਤਾ ਤੋਂ ਹੀ ਸਿੱਖੇ। ਪ੍ਰੋਫੈਸਰ ਵਿਨੋਦ ਧੀਰ ਦੇ ਦੇਹਾਂਤ ’ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਸਮੇਤ ਕਈ ਪ੍ਰਮੁੱਖ ਲੋਕਾਂ ਨੇ ਸ਼ੋਕ ਪ੍ਰਗਟ ਕਰਨ ਲਈ ਘਰ ਪਹੁੰਚ ਕੀਤੀ। ਪ੍ਰੋਫੈਸਰ ਵਿਨੋਦ ਧੀਰ ਆਪਣੇ ਪੁੱਤਰ ਮੇਅਰ ਵਨੀਤ ਧੀਰ ਦੇ ਕੰਮਕਾਜ ਦੀ ਵੀ ਲਗਾਤਾਰ ਨਿਗਰਾਨੀ ਕਰਦੇ ਰਹਿੰਦੇ ਸਨ। ਜਦੋਂ ਵੀ ਉਹ ਸ਼ਹਿਰ ’ਚ ਨਿਕਲਦੇ, ਆਪਣੇ ਨਜ਼ਦੀਕੀ ਦੋਸਤਾਂ ਤੇ ਜਾਣਕਾਰਾਂ ਨਾਲ ਮਿਲ ਕੇ ਪੁੱਤਰ ਦੇ ਕੰਮ ਬਾਰੇ ਜਾਣਕਾਰੀ ਲੈਂਦੇ। ਉਹ ਸਭ ਨੂੰ ਕਹਿੰਦੇ ਸਨ ਕਿ ਚੰਗੇ ਕੰਮਾਂ ਬਾਰੇ ਦੱਸੋ ਜਾਂ ਨਾ ਦੱਸੋ ਪਰ ਜੇ ਕੋਈ ਸ਼ਿਕਾਇਤ ਜਾਂ ਕਮੀ ਹੈ ਤਾਂ ਉਹ ਜ਼ਰੂਰ ਦੱਸੋ ਤਾਂ ਜੋ ਉਸ ’ਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਸੀ ਕਿ ਜਿਸਨੂੰ ਵੀ ਜ਼ਿੰਮੇਵਾਰੀ ਮਿਲੀ ਹੈ, ਉਹ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਏ। ਚਾਹੇ ਉਹ ਉਨ੍ਹਾਂ ਦਾ ਪੁੱਤਰ ਹੀ ਕਿਉਂ ਨਾ ਹੋਵੇ, ਉਸਨੂੰ ਵੀ ਹਰ ਹਾਲਤ ’ਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਉਨ੍ਹਾਂ ਦੀ ਨੂੰਹ ਸ਼ਵੇਤਾ ਧੀਰ ਨੇ ਵੀ ਪੰਜ ਸਾਲ ਤੱਕ ਕੌਂਸਲਰ ਦੇ ਤੌਰ ’ਤੇ ਵਾਰਡ ਖੇਤਰ ’ਚ ਵਿਕਾਸ ਕਾਰਜ ਕਰਵਾਏ। ਉਨ੍ਹਾਂ ਦੇ ਪੋਤਰੇ ਨਿਸ਼ਾਂਤ ਤੇ ਪ੍ਰਿਯਾਂਸ਼ ਵੀ ਛੋਟੀ ਉਮਰ ਤੋਂ ਹੀ ਕਾਰੋਬਾਰ ਸੰਭਾਲ ਰਹੇ ਹਨ। ਪੂਰਾ ਪਰਿਵਾਰ ਧਰਮ ਕਰਮ ’ਤੇ ਚੱਲਣ ਵਾਲਾ ਹੈ ਤੇ ਹਮੇਸ਼ਾ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦਾ ਹੈ। ਧੀ ਕਵਿਤਾ ਸਬਰਵਾਲ ਅਧਿਆਪਿਕਾ ਦੇ ਤੌਰ ’ਤੇ ਸੇਵਾਵਾਂ ਨਿਭਾ ਰਹੀ ਹੈ, ਜਦਕਿ ਜਵਾਈ ਸੁਨੀਲ ਸਬਰਵਾਲ, ਦੋਹਤਾ ਰਾਹੁਲ ਤੇ ਉਨ੍ਹਾਂ ਦੀ ਪਤਨੀ ਮਹਿਮਾ ਡਾਕਟਰ ਦੇ ਤੌਰ ’ਤੇ ਲੋਕਾਂ ਦੀ ਸੇਵਾ ਕਰ ਰਹੇ ਹਨ।