ਪ੍ਰੋ. ਦਿਵੇਦੀ ਨੂੰ ਹਾਰਵਰਡ ਯੂਨੀਵਰਸਿਟੀ ਵੱਲੋਂ ਸੱਦਾ
ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੂੰ ਹਾਰਵਰਡ ਯੂਨੀਵਰਸਿਟੀ ਵੱਲੋਂ ਲੈਕਚਰ ਲਈ ਸੱਦਾ
Publish Date: Wed, 03 Dec 2025 07:09 PM (IST)
Updated Date: Wed, 03 Dec 2025 07:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੀ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੂੰ ਹਾਰਵਰਡ ਯੂਨੀਵਰਸਿਟੀ, ਅਮਰੀਕਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦਵਾਨਾਂ ਨੂੰ ਸੰਬੋਧਨ ਕਰਨ ਲਈ ਸੱਦਾ ਮਿਲਿਆ। ਉਨ੍ਹਾਂ ਨੇ “ਸਮਾਜਿਕ ਤੇ ਸੰਗਠਨਾਤਮਕ ਢਾਂਚਿਆਂ ’ਚ ਨੈਤਿਕਤਾ” ਵਿਸ਼ੇ 'ਤੇ ਲੈਕਚਰ ਦਿੱਤਾ, ਜਿਸ ਨੂੰ ਵੱਖ–ਵੱਖ ਦੇਸ਼ਾਂ ਦੇ ਹਾਜ਼ਰੀਨ ਵੱਲੋਂ ਖੂਬ ਸਲਾਹਿਆ ਗਿਆ। ਦੋ ਘੰਟਿਆਂ ਦੇ ਸੈਸ਼ਨ ਦੌਰਾਨ ਡਾ. ਦਿਵੇਦੀ ਨੇ ਭਾਰਤੀ ਦਰਸ਼ਨ ਵਸੁਧੈਵ ਕੁਟੁੰਬਕਮ ਤੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਆਧੁਨਿਕ ਸੰਗਠਨਾਤਮਕ ਨੈਤਿਕਤਾ ਨਾਲ ਜੋੜਿਆ। ਉਨ੍ਹਾਂ ਨੇ ਨੈਤਿਕ ਅਗਵਾਈ, ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ ਤੇ ਸੰਗਠਨਾਤਮਕ ਅਖੰਡਤਾ 'ਤੇ ਵੀ ਚਰਚਾ ਕੀਤੀ। ਸੈਸ਼ਨ ਦੌਰਾਨ ਉਨ੍ਹਾਂ ਨੇ ਕੇਐੱਮਵੀ ਦੀ ਨੈਤਿਕ ਮੁੱਲ-ਆਧਾਰਤ ਸਿੱਖਿਆ ਪ੍ਰਣਾਲੀ ਨੂੰ ਇਕ ਕੇਸ ਸਟੱਡੀ ਵਜੋਂ ਪੇਸ਼ ਕੀਤਾ, ਜਿਸ ਦੀ ਅੰਤਰਰਾਸ਼ਟਰੀ ਸਰੋਤਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਹਾਰਵਰਡ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਅਗਲੇ ਕਾਰਜਕ੍ਰਮ ’ਚ ਵੀ ਲੈਕਚਰ ਜਾਰੀ ਰੱਖਣ ਲਈ ਸੱਦਾ ਦਿੱਤਾ ਹੈ। ਪ੍ਰੋ. ਦਿਵੇਦੀ ਨੇ ਕੇਐੱਮਵੀ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਮੁੱਲ-ਆਧਾਰਤ ਗਲੋਬਲ ਸਿੱਖਿਆ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਮਿਸ਼ਨ ਨੂੰ ਦੁਹਰਾਇਆ।