SSP ਸੰਦੀਪ ਕੁਮਾਰ ਮਲਿਕ ਨੇ ਸਿਵਲ ਹਸਪਤਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਇਹ ਘਟਨਾ ਦੁਪਹਿਰ ਕਰੀਬ 1:30 ਵਜੇ ਵਾਪਰੀ, ਜਦੋਂ ਚਾਰ ਪੁਲਿਸ ਮੁਲਾਜ਼ਮ ਤਿੰਨ ਕੈਦੀਆਂ ਨੂੰ ਸੈਂਟਰਲ ਜੇਲ੍ਹ ਹੁਸ਼ਿਆਰਪੁਰ ਤੋਂ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਨਿਚਰਵਾਰ ਨੂੰ ਪੁਲਿਸ ਹਿਰਾਸਤ 'ਚੋਂ ਕਥਿਤ ਤੌਰ 'ਤੇ ਭੱਜਣ ਦੀ ਕੋਸ਼ਿਸ਼ ਦੌਰਾਨ ਇਕ ਕੈਦੀ ਨੇ ਪੁਲਿਸ ਕਾਂਸਟੇਬਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਉਹ ਜ਼ਖ਼ਮੀ ਹੋ ਗਿਆ ਤੇ ਬਾਅਦ 'ਚ ਉਸ ਦੀ ਮੌਤ ਹੋ ਗਈ।
ਸੀਨੀਅਰ ਸੁਪਰਡੈਂਟ ਆਫ ਪੁਲਿਸ ਸੰਦੀਪ ਕੁਮਾਰ ਮਲਿਕ ਨੇ ਸਿਵਲ ਹਸਪਤਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਇਹ ਘਟਨਾ ਦੁਪਹਿਰ ਕਰੀਬ 1:30 ਵਜੇ ਵਾਪਰੀ, ਜਦੋਂ ਚਾਰ ਪੁਲਿਸ ਮੁਲਾਜ਼ਮ ਤਿੰਨ ਕੈਦੀਆਂ ਨੂੰ ਸੈਂਟਰਲ ਜੇਲ੍ਹ ਹੁਸ਼ਿਆਰਪੁਰ ਤੋਂ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਮੈਡੀਕਲ ਜਾਂਚ ਤੋਂ ਬਾਅਦ ਜਦੋਂ ਪੁਲਿਸ ਟੀਮ ਉਨ੍ਹਾਂ ਨੂੰ ਵਾਪਸ ਲੈ ਕੇ ਜਾ ਰਹੀ ਸੀ ਤਾਂ ਇਕ ਕੈਦੀ ਨਸੀਬ ਸਿੰਘ, ਜੋ ਕਿ ਥਾਣਾ ਸਦਰ ਅਧੀਨ ਕੋਟਲਾ ਗੋਂਸਪੁਰ ਦਾ ਰਹਿਣ ਵਾਲਾ ਹੈ, ਨੇ ਹਥਕੜੀਆਂ ਲੱਗੀਆਂ ਹੋਣ ਦੇ ਬਾਵਜੂਦ ਕਥਿਤ ਤੌਰ 'ਤੇ ਭੱਜਣ ਦੀ ਕੋਸ਼ਿਸ਼ ਕੀਤੀ।
ਮਲਿਕ ਨੇ ਦੱਸਿਆ ਕਿ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ, ਜੋ ਅਸਥਮਾ ਦਾ ਮਰੀਜ਼ ਹੈ, ਨਸੀਬ ਸਿੰਘ ਨੂੰ ਨਾਲ ਲੈ ਕੇ ਈ-ਰਿਕਸ਼ਾ ਰਾਹੀਂ ਐਂਬੂਲੈਂਸ ਵੱਲ ਜਾ ਰਹੇ ਸਨ, ਜਦੋਂ ਮੁਲਜ਼ਮ ਨੇ ਕਥਿਤ ਤੌਰ 'ਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜਸਦੀਪ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ ਪਰ ਕੈਦੀ ਨੇ ਆਪਣੇ ਕੋਲ ਮੌਜੂਦ ਤੇਜ਼ਧਾਰ ਹਥਿਆਰ ਨਾਲ ਕਥਿਤ ਤੌਰ 'ਤੇ ਉਸ ਉੱਪਰ ਹਮਲਾ ਕਰ ਦਿੱਤਾ, ਜਿਸ ਨਾਲ ਜਸਦੀਪ ਸਿੰਘ ਨੂੰ ਚਿਹਰੇ, ਹੱਥ ਅਤੇ ਲੱਤ 'ਤੇ ਕਈ ਸੱਟਾਂ ਲੱਗੀਆਂ।
ਐਸਐਸਪੀ ਨੇ ਕਿਹਾ ਕਿ ਕੈਦੀ ਲਗਾਤਾਰ ਜਦੋਜਹਿਦ ਕਰਦਾ ਰਿਹਾ ਅਤੇ ਮੁੜ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦੌਰਾਨ ਉਸ ਨੇ ਕਾਂਸਟੇਬਲ ਦੀ ਸਰਵਿਸ ਰਿਵਾਲਵਰ ਕਥਿਤ ਤੌਰ ‘ਤੇ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਆਪਣੀ ਰੱਖਿਆ ਤੇ ਉਸ ਨੂੰ ਭੱਜਣ ਤੋਂ ਰੋਕਣ ਲਈ ਕਾਂਸਟੇਬਲ ਨੇ ਪਹਿਲਾਂ ਜ਼ਮੀਨ ਵੱਲ ਚਿਤਾਵਨੀ ਵਜੋਂ ਗੋਲੀ ਚਲਾਈ, ਪਰ ਮੁਲਜ਼ਮ ਨਹੀਂ ਰੁਕਿਆ ਤੇ ਝੜਪ ਜਾਰੀ ਰਹੀ। ਇਸ ਦੌਰਾਨ ਦੋਵੇਂ ਡਿੱਗ ਪਏ ਤੇ ਮੁਲਜ਼ਮ ਨੇ ਮੁੜ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਂਸਟੇਬਲ ਨੇ ਕਈ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਕੁਝ ਗੋਲੀਆਂ ਕੈਦੀ ਨੂੰ ਲੱਗੀਆਂ।”
ਮਲਿਕ ਨੇ ਕਿਹਾ ਕਿ ਮੁਲਜ਼ਮ ਦੇ ਕੋਲ ਤੇਜ਼ਧਾਰ ਹਥਿਆਰ ਸੀ ਅਤੇ ਇਹ ਉਸ ਨੇ ਕਿੱਥੋਂ ਪ੍ਰਾਪਤ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਂਚ ਕਰਾਂਗੇ ਕਿ ਉਸ ਨੇ ਇਹ ਹਥਿਆਰ ਕਿੱਥੋਂ ਲਿਆ, ਕੀ ਉਸ ਨੇ ਜੇਲ੍ਹ ਤੋਂ ਬਾਹਰ ਕਿਤੇ ਤੋਂ ਚੁੱਕਿਆ ਜਾਂ ਕਿਸੇ ਨੇ ਉਸ ਦੀ ਮਦਦ ਕੀਤੀ।
ਐਸਐਸਪੀ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਜ਼ਖ਼ਮੀ ਕੈਦੀ ਨੇ ਬਾਅਦ 'ਚ ਆਪਣੀਆਂ ਚੋਟਾਂ ਕਾਰਨ ਦਮ ਤੋੜ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ 'ਚ ਰੱਖਿਆ ਗਿਆ ਹੈ। ਜ਼ਖ਼ਮੀ ਕਾਂਸਟੇਬਲ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ, ਉਨ੍ਹਾਂ ਕਿਹਾ।
ਮਲਿਕ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਮੰਗ ‘ਤੇ ਕੈਦੀਆਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਜਾਣ ਲਈ ਪੁਲਿਸ ਗਾਰਡ ਮੁਹੱਈਆ ਕਰਵਾਉਣਾ ਇਕ ਰੁਟੀਨ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਮੁਤਾਬਕ ਕੈਦੀ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਤੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਹਨ ਤੇ ਉਹ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਮਲਿਕ ਨੇ ਹੋਰ ਦੱਸਿਆ ਕਿ ਨਸੀਬ ਸਿੰਘ ਦੇ ਪਿਤਾ ਸ਼ਸ਼ੀ ਕੁਮਾਰ ਖਿਲਾਫ ਵੀ ਕਤਲ ਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।