ਪੀਐੱਮ ਮੋਦੀ ਦੀ ਸੰਤ ਨਿਰੰਜਨ ਦਾਸ ਮਹਾਰਾਜ ਨਾਲ ਇਕ ਘੰਟਾ ਹੋਈ ਮੀਟਿੰਗ
ਪ੍ਰਧਾਨ ਮੰਤਰੀ ਨਿਵਾਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਤ ਨਿਰੰਜਨ ਦਾਸ ਜੀ ਨਾਲ ਇਕ ਘੰਟਾ ਮੀਟਿੰਗ
Publish Date: Thu, 04 Dec 2025 10:55 PM (IST)
Updated Date: Fri, 05 Dec 2025 04:18 AM (IST)

- ਪ੍ਰਕਾਸ਼ ਦਿਹਾੜੇ ਦੇ ਸਮਾਗਮ ’ਚ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਪੁੱਜੇ ਸੀ ਡੇਰਾ ਪ੍ਰਬੰਧਕ : ਕਲੇਰ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸਾਬਕਾ ਸੰਸਦੀ ਸਕੱਤਰ ਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਚੰਦਰ ਦੇ ਯਤਨ ਸਦਕਾ ਡੇਰਾ ਸੱਚਖੰਡ ਬੱਲਾ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ, ਸੇਵਾਦਾਰ ਮਨਦੀਪ ਦਾਸ, ਸੇਵਾਦਾਰ ਹਰਦੇਵ ਦਾਸ, ਡੇਰਾ ਮੈਨੇਜਰ ਧਰਮਪਾਲ ਸਿਮਕ ਆਦਿ ਪ੍ਰਧਾਨ ਮੰਤਰੀ ਗ੍ਰਹਿ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਲਈ ਪਹੁੰਚੇ। ਦੱਸਣਯੋਗ ਹੈ ਕਿ ਅਗਲੇ ਸਾਲ ਫਰਵਰੀ ’ਚ ਗੁਰੂ ਰਵਿਦਾਸ ਜੀ ਦੀ 650ਵਾਂ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ, ਜਿਸ ਲਈ ਤਿਆਰੀਆਂ ਵਿਸ਼ਵ ਪੱਧਰ ’ਤੇ ਚੱਲ ਰਹੀਆ ਹਨ। ਇਸ ਮਿਲਣੀ ਦੌਰਾਨ ਸੰਤ ਨਿਰੰਜਣ ਦਾਸ ਮਹਾਰਾਜ ਤੇ ਡੇਰਾ ਪ੍ਰਬੰਧਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਤੇ ਜਨਮ ਅਸਥਾਨ ਸੀਰ ਗੋਵਰਧਨਪੁਰ ਬਨਾਰਸ ਦੀ ਤਸਵੀਰ ਵੀ ਭੇਟ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਤ ਨਿਰੰਜਨ ਦਾਸ ਮਹਾਰਾਜ ਨਾਲ ਇਕ ਘੰਟਾ ਮੀਟਿੰਗ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਕਿ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ’ਚ ਸ਼ਾਮਲ ਹੋਣਗੇ। ਇਸ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਚੰਦਰ ਕਲੇਰ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਮਹਾਮੰਤਰੀ ਤਰੁਣ ਚੁੱਘ, ਸਾਬਕਾ ਮੰਤਰੀ ਵਿਜੇ ਸਾਂਪਲਾ, ਮਨਜੀਤ ਬਾਲੀ ਤੱਲ੍ਹਣ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ਪਹਿਲਾਂ ਕਦੇ ਵੀ ਨਤਮਸਤਕ ਹੋਣ ਲਈ ਨਹੀਂ ਪਹੁੰਚੇ ਪਰ ਡੇਰੇ ਦੇ ਸ਼ਰਧਾਲੂਆਂ ਵੱਲੋਂ ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਡੇਰਾ ਬੱਲਾਂ ਵਿਖੇ ਕਰਵਾਏ ਜਾਣ ਵਾਲੇ ਕਿਸੇ ਵੀ ਸਮਾਗਮ ’ਚ ਪ੍ਰਧਾਨ ਮੰਤਰੀ ਜ਼ਰੂਰ ਸ਼ਾਮਲ ਹੋ ਸਕਦੇ ਹਨ।