ਸੁੰਨੜ ਕਲਾਂ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ
ਸੁੰਨੜ ਕਲਾਂ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ, 10 ਜਨਵਰੀ ਨੂੰ ਨਾਮਵਰ ਟੀਮਾਂ ਦੇ ਮੁਕਾਬਲੇ
Publish Date: Wed, 07 Jan 2026 07:03 PM (IST)
Updated Date: Wed, 07 Jan 2026 07:05 PM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਪਿੰਡ ਸੁੰਨੜ ਕਲਾਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਸਵਰਗੀ ਬਲਵੀਰ ਸਿੰਘ ਲੰਬੜ ਦੀ ਯਾਦ ’ਚ ਸੁੰਨੜ ਕਲਾਂ ਕਬੱਡੀ ਕੱਪ 10 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਨਆਰਆਈ ਗੁਰਮੁਖ ਸਿੰਘ ਸੁੰਨੜ ਤੇ ਐੱਨਆਰਆਈ ਸੁਲਿੰਦਰ ਸਿੰਘ ਲੱਖੋ ਨੇ ਦੱਸਿਆ ਕਿ ਟੂਰਨਾਮੈਂਟ ’ਚ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਸ਼ਾਹਕੋਟ, ਪਰਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ, ਐੱਨਆਰਆਈ ਕਬੱਡੀ ਕਲੱਬ ਨਕੋਦਰ, ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਕਪੂਰਥਲਾ, ਬਾਬਾ ਬਿਧੀ ਚੰਦ ਸਪੋਰਟਸ ਕਲੱਬ ਫਰੰਦੀਪੁਰ ਤੇ ਬੇ ਆਫ਼ ਪਲੈਂਟੀ ਨਿਊਜ਼ੀਲੈਂਡ ਵਰਗੀਆਂ ਨਾਮਵਰ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ 25 ਹਜ਼ਾਰ ਰੁਪਏ ਸਵਰਗੀ ਬਲਵੀਰ ਸਿੰਘ ਬੀਰੂ ਲੰਬੜ ਦੀ ਯਾਦ ’ਚ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ, ਜਦਕਿ ਦੂਜਾ ਇਨਾਮ ਇਕ ਲੱਖ ਰੁਪਏ ਜੱਸਾ ਸੰਘਾ, ਕੀਰਤ ਭੁੱਲਰ ਤੇ ਹੈਪੀ ਤੱਖਰ ਦੀ ਯਾਦ ’ਚ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੰਨਾ, ਚੇਤਾ ਤੇ ਜੱਸਾ ਦੀ ਯਾਦ ’ਚ ਮੋਟਰਸਾਈਕਲ ਭੇਟ ਕੀਤੇ ਜਾਣਗੇ। ਫਾਈਨਲ ਤੋਂ ਬਾਅਦ ਪ੍ਰਸਿੱਧ ਪ੍ਰਮੋਟਰ ਹੁਨਰ ਸਿੱਧੂ ਵੱਲੋਂ ਖੁੱਲ੍ਹਾ ਅਖਾੜਾ ਲਗਵਾਇਆ ਜਾਵੇਗਾ, ਕਬੱਡੀ ਕੱਪ ਦਾ ਲਾਈਵ ਪ੍ਰਸਾਰਣ Kabaddi365.com ’ਤੇ ਹੋਵੇਗਾ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਕਿਹਾ ਕਿ ਪਿੰਡ ਸੁੰਨੜ ਕਲਾਂ ਦੇ ਕਬੱਡੀ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਤੇ ਵਿਦੇਸ਼ਾਂ ’ਚ ਵੱਸਦੇ ਐੱਨਆਰਆਈ ਵੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ।