ਮਾਤਾ ਸਾਹਿਬ ਕੌਰ ਖਾਲਸਾ ਸਕੂਲ/ਕਾਲਜ ’ਚ ਸਾਲਾਨਾ ਸਪੋਰਟਸ ਮੀਟ ਸੰਪੰਨ
ਮਾਤਾ ਸਾਹਿਬ ਕੌਰ ਖਾਲਸਾ ਸਕੂਲ/ਕਾਲਜ ਵਿੱਚ ਸਾਲਾਨਾ ਸਪੋਰਟਸ ਮੀਟ ਸੰਪੰਨ
Publish Date: Thu, 04 Dec 2025 07:55 PM (IST)
Updated Date: Thu, 04 Dec 2025 07:56 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਤਾ ਸਾਹਿਬ ਕੌਰ ਖਾਲਸਾ ਸਕੂਲ/ਕਾਲਜ ਵਿਖੇ ਸਾਲਾਨਾ ਸਪੋਰਟਸ ਮੀਟ ਅਖੀਰਲੇ ਦਿਨ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਰੇਖਾ ਸ਼ਰਮਾ ਤੇ ਕਾਲਜ ਪ੍ਰਿੰਸੀਪਲ ਪ੍ਰਵੀਨ ਕੌਰ ਦੀ ਦੇਖ-ਰੇਖ ਹੇਠ ਹੋਈ ਸਪੋਰਟਸ ਮੀਟ ਬੜੇ ਉਤਸ਼ਾਹ ਨਾਲ ਨੇਪਰੇ ਚੜ੍ਹੀ। ਨਰਸਰੀ ਤੋਂ ਲੈ ਕੇ ਦਸਵੀਂ ਕਲਾਸ ਤਕ ਦੇ ਜੇਤੂ ਵਿਦਿਆਰਥੀਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਏ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਯੂਕੇ, ਬਲਵੰਤ ਕੌਰ ਚੱਠਾ, ਪਹਿਲਵਾਨ ਲਹਿੰਬਰ ਸਿੰਘ ਤੇ ਜਨਰਲ ਸਕੱਤਰ ਡਾ ਨਗਿੰਦਰ ਸਿੰਘ ਬਾਂਸਲ ਨੇ ਸ਼ਿਰਕਤ ਕੀਤੀ ਤੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਇਨਾਮ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਤੇ ਬੋਲਦਿਆਂ ਬਲਵਿੰਦਰ ਸਿੰਘ ਚੱਠਾ ਨੇ ਖੇਡਾਂ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਉਨ੍ਹਾਂ ਵਿੱਚ ਅਨੁਸ਼ਾਸਨ, ਸਹਿਯੋਗ ਅਤੇ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਤਣਾ ਜਾਂ ਹਾਰਨਾ ਮਹੱਤਵਪੂਰਨ ਨਹੀਂ, ਸਗੋਂ ਖੇਡ ਭਾਵਨਾ ਨਾਲ ਹਿੱਸਾ ਲੈਣਾ ਅਸਲੀ ਮਹੱਤਤਾ ਰੱਖਦਾ ਹੈ। ਜਨਰਲ ਸਕੱਤਰ ਡਾ ਨਗਿੰਦਰ ਸਿੰਘ ਬਾਂਸਲ ਨੇ ਸਾਲਾਨਾ ਸਪੋਰਟਸ ਮੀਟ ਨੂੰ ਸਫ਼ਲ ਬਣਾਉਣ ਵਿੱਚ ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ, ਕਾਲਜ ਪ੍ਰਿੰਸੀਪਲ ਪ੍ਰਵੀਨ ਕੌਰ ਤੇ ਫਿਜ਼ੀਕਲ ਐਜੂਕੇਸ਼ਨ ਦੇ ਕੋਚ ਬਲਵਿੰਦਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਮਿਹਨਤ ਤੇ ਯੋਜਨਾਬੰਦੀ ਸਦਕਾ ਹੀ ਇਹ ਖੇਡ ਮੇਲਾ ਬਹੁਤ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਪ੍ਰਿੰਸੀਪਲ ਰੇਖਾ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਮਾਪਿਆਂ ਨੂੰ ‘ਜੀ-ਆਇਆਂ’ ਕਹਿੰਦਿਆਂ ਧੰਨਵਾਦ ਕੀਤਾ। ਉਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਲਈ ਸਮੂਹ ਅਧਿਆਪਕਾਂ ਅਤੇ ਸਟਾਫ਼ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਕੌਰ ਬਾਂਸਲ, ਪ੍ਰੀਤੀ ਸ਼ਰਮਾ, ਸੁਖਵਿੰਦਰ ਕੌਰ, ਮੈਡਮ ਐੱਸਕੇ, ਪ੍ਰਭਜੋਤ ਭਰਦਵਾਜ ਤੇ ਹੋਰ ਸਟਾਫ ਮੈਂਬਰ ਆਦਿ ਹਾਜ਼ਰ ਸਨ।