ਕੈਬਨਿਟ ਮੰਤਰੀ ਦਾ ਵਿਜ਼ਨ ਸ਼ਹਿਰੀ ਵਿਕਾਸ ਨੂੰ ਦੇਵੇਗਾ ਨਵੀਂ ਰਫ਼ਤਾਰ : ਕੋਹਲੀ
ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨਾਲ ਸਕਾਰਾਤਮਕ ਮੁਲਾਕਾਤ
Publish Date: Wed, 14 Jan 2026 07:10 PM (IST)
Updated Date: Wed, 14 Jan 2026 07:12 PM (IST)
‘ਆਪ’ ਆਗੂ ਨੇ ਸਥਾਨਕ ਸਰਕਾਰਾਂ ਮੰਤਰੀ ਅਰੋੜਾ ਨਾਲ ਕੀਤੀ ਮੁਲਾਕਾਤ
ਪੰਜਾਬੀ ਜਾਗਰਣ ਰਿਪੋਰਟਰ, ਜਲੰਧਰ : ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਪੰਜਾਬ ਦੇ ਨਵੇਂ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਦਿਲੋਂ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਨਿਤਿਨ ਕੋਹਲੀ ਨੇ ਇਸ ਮੁਲਾਕਾਤ ਨੂੰ ਬਹੁਤ ਹੀ ਸਕਾਰਾਤਮਕ, ਰਚਨਾਤਮਕ ਤੇ ਭਵਿੱਖ ਲਈ ਉਮੀਦਾਂ ਭਰੀ ਦੱਸਿਆ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਇਕ ਤਜਰਬੇਕਾਰ, ਦੂਰਦਰਸ਼ੀ ਤੇ ਵਿਕਾਸ-ਕੇਂਦਰਿਤ ਲੀਡਰ ਹਨ, ਜੋ ਜਨਹਿਤ ਨੂੰ ਪਹਿਲ ਦੇ ਆਧਾਰ ’ਤੇ ਕੰਮ ਕਰਨ ’ਚ ਯਕੀਨ ਰੱਖਦੇ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਅਰੋੜਾ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਵਿਭਾਗ ਹੋਰ ਮਜ਼ਬੂਤ, ਪ੍ਰਭਾਵਸ਼ਾਲੀ ਤੇ ਨਤੀਜਾ-ਕੇਂਦਰਿਤ ਸਾਬਤ ਹੋਵੇਗਾ। ਆਉਣ ਵਾਲੇ ਸਮੇਂ ’ਚ ਸ਼ਹਿਰੀ ਵਿਕਾਸ, ਨਗਰ ਨਿਗਮਾਂ ਦੀ ਮਜ਼ਬੂਤੀ, ਸਫ਼ਾਈ ਪ੍ਰਣਾਲੀ, ਬੁਨਿਆਦੀ ਢਾਂਚੇ ਦਾ ਵਿਕਾਸ ਤੇ ਸਮਾਰਟ ਸ਼ਹਿਰਾਂ ਦੀ ਦਿਸ਼ਾ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅਨੁਸਾਰ ਸੰਜੀਵ ਅਰੋੜਾ ਦੀ ਦੂਰਦਰਸ਼ਤਾ ਤੇ ਡਾਇਨਾਮਿਕ ਲੀਡਰਸ਼ਿਪ ਪੰਜਾਬ ਦੇ ਸ਼ਹਿਰਾਂ ਨੂੰ ਨਵੀਂ ਰਫ਼ਤਾਰ, ਨਵੀਂ ਦਿਸ਼ਾ ਤੇ ਨਵੀਂ ਤਾਕਤ ਪ੍ਰਦਾਨ ਕਰੇਗੀ।
ਇਸ ਮੁਲਾਕਾਤ ਦੌਰਾਨ ਰਮੇਸ਼ ਮਿੱਤਲ ਤੇ ਅਸ਼ੋਕ ਮਿੱਤਲ ਵੀ ਮੌਜੂਦ ਸਨ। ਗੱਲਬਾਤ ਦੌਰਾਨ ਪੰਜਾਬ ਦੇ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਕਰਨ, ਨਗਰ ਨਿਗਮਾਂ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਲੋਕਾਂ ਤੱਕ ਬਿਹਤਰ ਸਹੂਲਤਾਂ ਪਹੁੰਚਾਉਣ ਤੇ ਸ਼ਹਿਰਾਂ ਨੂੰ ਹੋਰ ਆਧੁਨਿਕ, ਸੁਰੱਖਿਅਤ ਤੇ ਸੁਵਿਧਾਜਨਕ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਥਾਨਕ ਸਰਕਾਰਾਂ, ਪਾਵਰ ਤੇ ਇੰਡਸਟਰੀਜ਼ ਵਿਭਾਗਾਂ ਦੇ ਆਪਸੀ ਸਹਿਯੋਗ ਨਾਲ ਪੰਜਾਬ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ, ਜਿਸ ਨਾਲ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਉਦਯੋਗਾਂ ਨੂੰ ਮਜ਼ਬੂਤੀ ਮਿਲੇਗੀ। ਇਸ ਨਾਲ ਪੰਜਾਬ ਦੀ ਅਰਥਵਿਵਸਥਾ ਤੇ ਸ਼ਹਿਰੀ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਸਿਰਫ਼ ਇਮਾਰਤਾਂ ਤੇ ਸੜਕਾਂ ਨਾਲ ਨਹੀਂ, ਸਗੋਂ ਸੁਚੱਜੀ ਪ੍ਰਸ਼ਾਸਨਿਕ ਪ੍ਰਣਾਲੀ, ਸਮੇਂ-ਸਿਰ ਸਹੂਲਤਾਂ, ਸਾਫ਼-ਸੁਥਰੇ ਵਾਤਾਵਰਨ ਤੇ ਜ਼ਿੰਮੇਵਾਰ ਸ਼ਹਿਰੀ ਪ੍ਰਬੰਧ ਨਾਲ ਬਣਦੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੰਜੀਵ ਅਰੋੜਾ ਇਨ੍ਹਾਂ ਸਾਰੇ ਖੇਤਰਾਂ ’ਚ ਸੁਧਾਰ ਲਈ ਗੰਭੀਰਤਾ ਨਾਲ ਕੰਮ ਕਰਨਗੇ। ਅੰਤ ’ਚ ਉਨ੍ਹਾਂ ਨੇ ਕਿਹਾ ਕਿ ਇਹ ਮੁਲਾਕਾਤ ਸਿਰਫ਼ ਇਕ ਸ਼ਿਸ਼ਟਾਚਾਰ ਮੁਲਾਕਾਤ ਨਹੀਂ, ਸਗੋਂ ਭਵਿੱਖ ਦੇ ਸ਼ਹਿਰੀ ਵਿਕਾਸ ਦੇ ਰੋਡਮੈਪ ’ਤੇ ਕੇਂਦਰਿਤ ਇਕ ਮਹੱਤਵਪੂਰਨ ਤੇ ਅਰਥਪੂਰਨ ਚਰਚਾ ਸੀ।