ਠੋਸ ਰਹਿੰਦ-ਖੂਹੰਦ ਪ੍ਰਬੰਧ ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਠੋਸ ਰਹਿੰਦ-ਖੂਹੰਦ ਪ੍ਰਬੰਧਨ ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ
Publish Date: Fri, 05 Dec 2025 08:56 PM (IST)
Updated Date: Sat, 06 Dec 2025 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਕਪੂਰਥਲਾ ਵੱਲੋਂ ਨਗਰ ਪੰਚਾਇਤ ਬਿਲਗਾ, ਨਗਰ ਪੰਚਾਇਤ ਲੋਹੀਆਂ ਖਾਸ, ਨਗਰ ਪੰਚਾਇਤ ਮਹਿਤਪੁਰ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਸਫਾਈ ਸੇਵਕਾਂ ਤੇ ਫੀਲਡ ਸਟਾਫ਼ ਲਈ ਕੂੜੇ ਨੂੰ ਸਾੜਨ ਦੀ ਰੋਕਥਾਮ ਤੇ ਰਹਿੰਦ-ਖੂਹੰਦ ਨੂੰ ਵੱਖ-ਵੱਖ ਕਰਨ ਦੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ’ਚ ਲੱਗਭਗ 120 ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਸੈਸ਼ਨ ਦੌਰਾਨ ਭਾਗੀਦਾਰਾਂ ਨੂੰ ਕੂੜਾ ਸਾੜਨ ਨਾਲ ਸਿਹਤ ਤੇ ਵਾਤਾਵਰਣ ’ਤੇ ਪੈਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਸਰੋਤ ਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਨ ਦੀ ਮਹੱਤਤਾ ਬਾਰੇ ਸਿੱਖਿਅਤ ਕੀਤਾ ਗਿਆ। ਸੈਸ਼ਨ ਦੌਰਾਨ ਸਾਰੇ ਭਾਗੀਦਾਰਾਂ ਨੇ ਕੂੜੇ ਨੂੰ ਸਾੜਨ ਤੋਂ ਗੁਰੇਜ਼ ਕਰਨ, ਰਹਿੰਦ-ਖੂਹੰਦ ਨੂੰ ਵੱਖ-ਵੱਖ ਕਰਨ ਨੂੰ ਯਕੀਨੀ ਬਣਾਉਣ ਤੇ ਵਸਨੀਕਾਂ ਨੂੰ ਸਾਫ਼, ਸਿਹਤਮੰਦ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ’ਚ ਯੋਗਦਾਨ ਪਾਉਣ ਲਈ ਇਨ੍ਹਾਂ ਅਭਿਆਸਾਂ ਨੂੰ ਅਪਣਾਉਣ ਲਈ ਸਰਗਰਮੀ ਨਾਲ ਪ੍ਰੇਰਿਤ ਕਰਨ ਦਾ ਪ੍ਰਣ ਲਿਆ।