ਪੁਲਿਸ ਦੀ ਮੁਸਤੈਦੀ: ਹੁਸ਼ਿਆਰਪੁਰ ਤੇ ਨਵਾਂਸ਼ਹਿਰ 'ਚ ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਕਾਬੂ; 4 ਮੈਂਬਰ ਚੜ੍ਹੇ ਅੜਿੱਕੇ
ਪੁਲਿਸ ਨੇ ਚਾਰਾਂ ਮੁਲਜ਼ਮਾਂ ਖਿਲਾਫ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ।
Publish Date: Fri, 15 May 2026 11:43 AM (IST)
Updated Date: Fri, 15 May 2026 11:46 AM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਇਲਾਕੇ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਮਾਹਿਲਪੁਰ ਪੁਲਿਸ ਨੇ ਇੱਕ ਅੰਤਰ-ਜ਼ਿਲ੍ਹਾ ਮੋਟਰਸਾਈਕਲ ਚੋਰ ਗਿਰੋਹ ਨੂੰ ਦਬੋਚਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਦੋ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਬੱਸ ਸਟੈਂਡ ਨੇੜੇ ਦਿੱਤੀ ਦਬਿਸ਼: ਮੁਖਬਰ ਦੀ ਸੂਚਨਾ 'ਤੇ ਹੋਈ ਕਾਰਵਾਈ
ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਮਾਹਿਲਪੁਰ ਨੇੜੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੇ ਸਨ। ਬੀਤੀ ਰਾਤ ਕਰੀਬ 9:15 ਵਜੇ ਇੱਕ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਚਾਰ ਨੌਜਵਾਨ, ਜੋ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ, ਇਸ ਵੇਲੇ ਦੋ ਚੋਰੀਸ਼ੁਦਾ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸ਼ਹਿਰ ਵਿੱਚ ਘੁੰਮ ਰਹੇ ਹਨ।
ਗੜ੍ਹਸ਼ੰਕਰ ਦੇ ਰਹਿਣ ਵਾਲੇ ਹਨ ਚਾਰੇ ਮੁਲਜ਼ਮ
ਪੁਲਿਸ ਵੱਲੋਂ ਕੀਤੀ ਗਈ ਘੇਰਾਬੰਦੀ ਦੌਰਾਨ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਉਰਫ ਸ਼ਾਲੂ, ਵਿਵੇਕ ਕੁਮਾਰ ਉਰਫ ਬੱਬੂ, ਵੰਸ਼ ਕੁਮਾਰ (ਤਿੰਨੋਂ ਵਾਸੀ ਪਿੰਡ ਬਿਲੜੋ) ਅਤੇ ਹਰਿੰਦਰ ਸੁਮਨ ਉਰਫ ਇੰਦਰ (ਵਾਸੀ ਗੜ੍ਹਸ਼ੰਕਰ) ਵਜੋਂ ਹੋਈ ਹੈ। ਪੁਲਿਸ ਨੇ ਦੋਸ਼ ਲਾਇਆ ਕਿ ਇਹ ਚਾਰੇ ਮੁਲਜ਼ਮ ਮਿਲ ਕੇ ਵਾਹਨ ਚੋਰੀ ਦੀਆਂ ਵਾਰਦਾਤਾਂ ਕਰਦੇ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੇ ਗਏ ਦੋ ਮੋਟਰਸਾਈਕਲਾਂ ਵਿੱਚੋਂ ਇੱਕ ਮੁਲਜ਼ਮਾਂ ਨੇ ਮਾਹਿਲਪੁਰ ਦੇ ਡੋਮੀਨੋਜ਼ ਪੀਜ਼ਾ ਸਟੋਰ ਨੇੜਿਓਂ ਚੋਰੀ ਕੀਤਾ ਸੀ, ਜਦਕਿ ਦੂਜਾ ਮੋਟਰਸਾਈਕਲ ਗੁਆਂਢੀ ਜ਼ਿਲ੍ਹੇ ਨਵਾਂਸ਼ਹਿਰ ਤੋਂ ਚੋਰੀ ਕੀਤਾ ਗਿਆ ਸੀ।
ਭਾਰਤੀ ਨਿਆਏ ਸੰਹਿਤਾ ਤਹਿਤ ਮਾਮਲਾ ਦਰਜ
ਪੁਲਿਸ ਨੇ ਚਾਰਾਂ ਮੁਲਜ਼ਮਾਂ ਖਿਲਾਫ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ।