ਮਾਡਲ ਟਾਊਨ ਤੋਂ ਨਿਕਲਣ ਵਾਲੀ ਧਰਮ ਰੱਖਿਆ ਰੈਲੀ ਪੁਲਿਸ ਨੇ ਰੋਕੀ
ਮਾਡਲ ਟਾਊਨ ਤੋਂ ਨਿਕਲਣ ਵਾਲੀ ਧਰਮ ਰੱਖਿਆ ਰੈਲੀ ਨੂੰ ਪੁਲਿਸ ਨੇ ਰੋਕਿਆ
Publish Date: Wed, 26 Nov 2025 08:34 PM (IST)
Updated Date: Wed, 26 Nov 2025 08:35 PM (IST)

-ਮੰਗ ਪੱਤਰ ਲੈ ਕੇ ਕਾਰਵਾਈ ਕਰਨ ਦਾ ਦਿਵਾਇਆ ਭਰੋਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਧਰਮ ਤਬਦੀਲੀ ਵਿਰੁੱਧ ਪੰਜਾਬ ਬਚਾਓ ਮੋਰਚਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ ਕੱਢੀ ਜਾਣ ਵਾਲੀ ਧਰਮ ਰੱਖਿਆ ਰੈਲੀ ਨੂੰ ਪੁਲਿਸ ਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ। ਪੁਲਿਸ ਦਾ ਤਰਕ ਸੀ ਕਿ ਰੈਲੀ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਤੇ ਮਾਹੌਲ ਨੂੰ ਸ਼ਾਂਤਮਈ ਰੱਖਣਾ ਹੀ ਉਨਾਂ ਦਾ ਮੁੱਖ ਉਦੇਸ਼ ਹੈ। ਇਸ ਕਰ ਕੇ ਉਹ ਸੰਸਥਾ ਦੀਆਂ ਮੰਗਾਂ ਨੂੰ ਪੁਰਾ ਕਰਨ ਲਈ ਪੂਰਾ ਯਤਨ ਕਰਨਗੇ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੋਂ ਮੰਗ ਪੱਤਰ ਲਿਆ ਤੇ ਮੰਗਾਂ ਮੁਤਾਬਕ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ। ਦਰਅਸਲ, ਪੰਜਾਬ ਬਚਾਓ ਮੋਰਚਾ ਸੰਸਥਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਨੇ ਬੁੱਧਵਾਰ ਦੁਪਹਿਰ ਤਿੰਨ ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ ਡੀਸੀ ਦਫ਼ਤਰ ਲਾਡੋਵਾਲੀ ਰੋਡ ਤੱਕ ਧਰਮ ਰੱਖਿਆ ਰੈਲੀ ਕੱਢਣ ਦਾ ਫੈਸਲਾ ਕੀਤਾ ਸੀ। ਤੈਅ ਸਮੇਂ ਤੋਂ ਪਹਿਲਾਂ ਹੀ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਗੁਰੂਘਰ ਦੇ ਬਾਹਰ ਪੁੱਜਣ ਲੱਗ ਪਏ। ਤੇਜਸਵੀ ਮਿਨਹਾਸ ਦੀ ਅਗਵਾਈ ’ਚ ਇਕੱਠੀਆਂ ਹੋਈਆਂ ਸੰਸਥਾਵਾਂ ਨੇ ਪੰਜਾਬ ’ਚ ਤੇਜ਼ੀ ਨਾਲ ਵੱਧ ਰਹੀ ਧਰਮ ਤਬਦੀਲੀ ’ਤੇ ਚਿੰਤਾ ਜ਼ਾਹਿਰ ਕੀਤੀ ਤੇ ਇਸ ਲਈ ਸਮਾਜ ’ਚ ਵਿਆਪਕ ਜਾਗਰੂਕਤਾ ਦੀ ਲੋੜ ਦੱਸੀ। ਤਿੰਨ ਵਜੇ ਹੀ ਅਰਦਾਸ ਹੋਈ ਤੇ ਰੈਲੀ ਸ਼ੁਰੂ ਹੋਣ ਵਾਲੀ ਸੀ ਕਿ ਉਥੇ ਡੀਸੀਪੀ ਨਰੇਸ਼ ਡੋਗਰਾ ਤੇ ਸੁਖਮਿੰਦਰ ਸਿੰਘ ਭਾਰੀ ਪੁਲਿਸ ਬਲ ਨਾਲ ਪੁੱਜ ਗਏ। ਲਗਪਗ ਅੱਧਾ ਘੰਟਾ ਪੁਲਿਸ ਅਧਿਕਾਰੀਆਂ ਨੇ ਤੇਜਸਵੀ ਮਿਨਹਾਸ ਤੇ ਹੋਰ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਰੈਲੀ ਨਾ ਕੱਢਣ ਲਈ ਮਨਾ ਲਿਆ। ਇਸ ਦੌਰਾਨ ਤੇਜਸਵੀ ਮਿਨਹਾਸ ਨੇ ਸੂਬੇ ’ਚ ਚਮਤਕਾਰਾਂ ਦੇ ਨਾਂ ’ਤੇ ਲਾਇਲਾਜ ਬਿਮਾਰੀਆਂ ਦਾ ਇਲਾਜ ਕਰਨ ਤੇ ਕਈ ਕਿਸਮ ਦੇ ਲਾਲਚ ਦੇ ਕੇ ਧਰਮ ਤਬਦੀਲੀ ਕਰਵਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਸਰਹੱਦੀ ਇਲਾਕਿਆਂ ’ਚ ਇਹ ਕੰਮ ਧੜੱਲੇ ਨਾਲ ਕੀਤਾ ਜਾ ਰਿਹਾ ਹੈ, ਜੋ ਕਿ ਮੈਡੀਕਲ ਕੌਂਸਲ ਦੇ ਨਿਯਮਾਂ ਦੇ ਉਲਟ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਦਾਅਵੇ ਹਨ। ਪੁਲਿਸ ਦੀ ਬੇਨਤੀ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਦੇ ਪ੍ਰਤਨਿਧੀਆਂ ਨੇ ਮੰਗ ਪੱਤਰ ਦੇ ਕੇ ਰੈਲੀ ਮੁਲਤਵੀ ਕਰ ਦਿੱਤੀ। ਇਸ ਦੌਰਾਨ ਮਾਡਲ ਟਾਊਨ ਖੇਤਰ ’ਚ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਇਸ ਮੌਕੇ ’ਤੇ ਬਾਬਾ ਕੁਲਵਿੰਦਰ ਸਿੰਘ, ਬਾਬਾ ਸੁਖਜੀਤ ਸਿੰਘ ਮੋਗਾ (ਪੰਜਾਬ ਸਾਂਝਾ ਮੰਚ), ਬਾਬਾ ਮਨਪ੍ਰੀਤ ਸਿੰਘ ਫ਼ਰੀਦਕੋਟੀ, ਬਾਬਾ ਕੁਲਜੀਤ ਸਿੰਘ (ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ), ਭਗਤ ਸਿੰਘ ਦੋਆਬੀ (ਚੇਅਰਮੈਨ, ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ), ਮਨਿੰਦਰ ਮਣੀ (ਹਿੰਦੂ ਟਾਈਗਰ ਸੰਗਠਨ, ਬਠਿੰਡਾ) ਸਮੇਤ ਮੈਂਬਰ ਮੌਜੂਦ ਸਨ।