ਕਾਜ਼ੀ ਮੰਡੀ ਦੇ ਧਾਣਕੀਆ ਮੁਹੱਲੇ ’ਚ ਪੁਲਿਸ ਦੀ ਛਾਪੇਮਾਰੀ, ਦੋ ਗ੍ਰਿਫ਼ਤਾਰ
ਕਾਜ਼ੀ ਮੰਡੀ ਦੇ ਧਾਣਕੀਆ ਮੁਹੱਲੇ ’ਚ ਪੁਲਿਸ ਦੀ ਛਾਪੇਮਾਰੀ, ਦੋ ਗ੍ਰਿਫ਼ਤਾਰ
Publish Date: Thu, 08 Jan 2026 10:17 PM (IST)
Updated Date: Thu, 08 Jan 2026 10:21 PM (IST)

- ਪੰਜ ਦਿਨ ਪਹਿਲਾਂ ਤਸਕਰ ਸੋਨੀਆ ਨੂੰ ਡੇਢ ਕਿੱਲੋ ਹੈਰੋਇਨ ਨਾਲ ਕੀਤਾ ਸੀ ਕਾਬੂ - ਪੁਲਿਸ ਜਲਦੀ ਹੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਵੇਰਵਿਆਂ ਦਾ ਖੁਲਾਸਾ ਕਰੇਗੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਵੀਰਵਾਰ ਦੇਰ ਸ਼ਾਮ ਕਾਜ਼ੀ ਮੰਡੀ ਦੇ ਧਾਣਕੀਆ ਮੁਹੱਲੇ ਵਿੱਚ ਛਾਪੇਮਾਰੀ ਦੌਰਾਨ ਡੇਢ ਕਿੱਲੋ ਹੈਰੋਇਨ ਨਾਲ ਫੜੀ ਗਈ ਸੋਨੀਆ ਤੋਂ ਪੁੱਛਗਿੱਛ ਮਗਰੋਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਸ਼ੁੱਕਰਵਾਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਵੇਰਵਿਆਂ ਦਾ ਖੁਲਾਸਾ ਕਰੇਗੀ। ਜਾਣਕਾਰੀ ਅਨੁਸਾਰ ਪੰਜਾਬ ਭਰ ’ਚ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਇਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ’ਚੋਂ ਲਗਪਗ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਔਰਤ ਦੀ ਪਛਾਣ ਸੋਨੀਆ ਵਜੋਂ ਹੋਈ ਹੈ, ਜੋ ਕਿ ਕਾਜ਼ੀ ਮੰਡੀ ਦੀ ਰਹਿਣ ਵਾਲੀ ਹੈ। ਇਹ ਛਾਪਾ ਏਐੱਸਆਈ ਬਲਕਰਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਮਾਰਿਆ ਗਿਆ ਸੀ। ਪੁਲਿਸ ਨੂੰ ਇਹ ਅਹਿਮ ਸੁਰਾਗ ਕੁਝ ਦਿਨ ਪਹਿਲਾਂ ਗਾਂਧੀ ਨਗਰ ਇਲਾਕੇ ’ਚ ਕਮਲ ਨਾਮ ਦੇ ਇਕ ਨੌਜਵਾਨ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਿਲਿਆ ਸੀ। ਪੁੱਛਗਿੱਛ ਦੌਰਾਨ ਕਮਲ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਸੋਨੀਆ ਤੋਂ ਹੈਰੋਇਨ ਖਰੀਦ ਕੇ ਉਸ ਨੂੰ ਸਪਲਾਈ ਕਰ ਰਿਹਾ ਸੀ। ਕਮਲ ਦੀ ਸੂਚਨਾ ਤੇ ਕਾਰਵਾਈ ਕਰਦਿਆਂ, ਪੁਲਿਸ ਨੇ ਜਾਲ ਵਿਛਾ ਕੇ ਸੋਨੀਆ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਔਰਤ ਕਿਸੇ ਵੱਡੇ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੀ ਹੋ ਸਕਦੀ ਹੈ, ਜਿਸ ਦੇ ਦੂਜੇ ਸ਼ਹਿਰਾਂ ਨਾਲ ਸਬੰਧ ਹਨ। ਮੁਲਜ਼ਮ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੋਰ ਜਾਂਚ ਜਾਰੀ ਹੈ। ਪੁਲਿਸ ਨੂੰ ਇਸ ਮਾਮਲੇ ’ਚ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ।