ਨਿਯਮ ਨਾ ਮੰਨਣ ਵਾਲਿਆਂ ਦੇ ਕੱਟੇ ਚਲਾਨ
ਨਿਯਮ ਨਾ ਮੰਨਣ ਵਾਲਿਆਂ ’ਤੇ ਪੁਲਿਸ ਦੀ ਨਕੇਲ, ਜਵਾਨਾਂ ਦੇ ਬਹਾਨੇ ਨਹੀਂ ਚਲੇ
Publish Date: Wed, 03 Dec 2025 11:10 PM (IST)
Updated Date: Wed, 03 Dec 2025 11:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਦੇਰ ਰਾਤ ਪੁਲਿਸ ਨੇ ਸ਼ਹਿਰ ਦੇ ਪੰਜ ਮੁੱਖ ਸਥਾਨਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਬੀਐੱਮਸੀ ਚੌਕ, ਡਾ. ਬੀ.ਆਰ.ਅੰਬੇਡਕਰ ਚੌਕ ਤੇ ਵਡਾਲਾ ਚੌਕ ਤੇ ਨਾਕਾਬੰਦੀ ਕਰਕੇ ਡ੍ਰਿੰਕ ਐਂਡ ਡਰਾਇਵ ਖਿਲਾਫ਼ ਸਖਤ ਕਾਰਵਾਈ ਕੀਤੀ। ਚੈਕਿੰਗ ਦੌਰਾਨ ਪੁਲਿਸ ਨੇ ਟ੍ਰਿਪਲ ਰਾਈਡਿੰਗ ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ 60 ਤੋਂ ਵੱਧ ਚਲਾਨ ਕੀਤੇ। ਇਸ ਦੌਰਾਨ ਕਈ ਨੌਜਵਾਨ ਆਪਣੇ-ਆਪ ਨੂੰ ਬਚਾਉਣ ਲਈ ਵੱਖ-ਵੱਖ ਬਹਾਨੇ ਬਣਾਉਂਦੇ ਨਜ਼ਰ ਆਏ। ਕੋਈ ਕਹਿੰਦਾ ਸ਼ਰਾਬ ਨਹੀਂ ਪੀਤੀ, ਕੋਈ ਕਹਿੰਦਾ ਕਾਗਜ਼ ਘਰ ਰਹਿ ਗਏ, ਜਦਕਿ ਕੁਝ ਲੋਕ ਘਰ ਨੇੜੇ ਹੋਣ ਦਾ ਬਹਾਨਾ ਬਣਾ ਕੇ ਤਿੰਨ ਲੋਕਾਂ ਨੂੰ ਇਕ ਮੋਟਰਸਾਈਕਲ ਤੇ ਬਿਠਾਉਣਾ ਠੀਕ ਦੱਸਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਪਰ ਪੁਲਿਸ ਨੇ ਸਖ਼ਤੀ ਜਾਰੀ ਰੱਖੀ। ਨਿਯਮ ਤੋੜਣ ਵਾਲਿਆਂ ਨੂੰ ਦੱਸਿਆ ਕਿ ਸ਼ਹਿਰ ’ਚ ਸੜਕ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਨਾਕਾਬੰਦੀ ਮੁਹਿੰਮ ਚਲਾਈ ਜਾਂਦੀ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰਾਤ ਸਮੇਂ ਕੁਝ ਨੌਜਵਾਨ ਨਸ਼ੇ ’ਚ ਵਾਹਨ ਚਲਾ ਕੇ ਹੰਗਾਮਾ ਕਰਦੇ ਹਨ, ਜਿਸ ਨਾਲ ਉਹ ਆਪਣੇ ਨਾਲ-ਨਾਲ ਹੋਰਾਂ ਦੀ ਜਾਨ ਨੂੰ ਵੀ ਖਤਰੇ ’ਚ ਪਾਉਂਦੇ ਹਨ। ਉਸਨੇ ਕਿਹਾ ਕਿ ਰੋਜ਼ਾਨਾ ਰਾਤ ਨੂੰ ਸ਼ਹਿਰ ਦੇ ਐਂਟਰੀ ਪੁਆਇੰਟਸ ਤੇ ਪੁਲਿਸ ਟੀਮਾਂ ਤਾਇਨਾਤ ਰਹਿਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਰੋ ਤਾਂ ਕਿ ਸਾਰੇ ਸੁਰੱਖਿਅਤ ਰਹਿ ਸਕਣ।