ਪੁਲਿਸ ਵੱਲੋਂ ਟਰੈਕਟਰ-ਟਰਾਲੀ ਚੋਰਾਂ ਦੀ ਭਾਲ ਜਾਰੀ
ਨਵੀਂ ਸਬਜ਼ੀ ਮੰਡੀ ’ਚੋਂ ਚੋਰੀ ਹੋਏ ਟਰੈਕਟਰ-ਟਰਾਲੀ ਦੀ ਭਾਲ ਲਈ ਪੁਲਿਸ ਨੇ ਖੰਘਾਲੇ ਸੀਸੀਟੀਵੀ ਕੈਮਰੇ
Publish Date: Sat, 24 Jan 2026 09:30 PM (IST)
Updated Date: Sat, 24 Jan 2026 09:31 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜ਼ੀ ਮੰਡੀ ਮਕਸੂਦਾਂ ਤੋਂ ਦੋ ਦਿਨ ਪਹਿਲਾਂ ਟਰੈਕਟਰ-ਟਰਾਲੀ ਚੋਰੀ ਕਰਕੇ ਫਰਾਰ ਹੋਏ ਚੋਰਾਂ ਦੀ ਭਾਲ ਲਈ ਪੁਲਿਸ ਵੱਲੋਂ ਜਦੋਂ-ਜਹਿਦ ਕੀਤੀ ਜਾ ਰਹੀ ਹੈ। ਪਿੰਡ ਨੰਗਲ ਸਲੇਮਪੁਰ, ਧੋਗਰੀ ਰੋਡ ਦੇ ਰਹਿਣ ਵਾਲੇ ਕਿਸਾਨ ਕਮਲਜੀਤ ਨੇ ਦੱਸਿਆ ਕਿ ਉਹ ਸਬਜ਼ੀਆਂ ਨਾਲ ਭਰੀ ਟਰਾਲੀ ਲੈ ਕੇ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਗਿਆ ਸੀ। ਟਰੈਕਟਰ-ਟਰਾਲੀ ਖੜ੍ਹੀ ਕਰ ਕੇ ਨਜ਼ਦੀਕ ਕਿਸੇ ਕੰਮ ਲਈ ਗਿਆ ਸੀ ਤਾਂ ਇਸੇ ਦੌਰਾਨ ਚੋਰ ਟਰੈਕਟਰ-ਟਰਾਲੀ ਚੋਰੀ ਕਰਕੇ ਲੈ ਗਏ। ਉਸ ਨੇ ਆਲੇ-ਦੁਆਲੇ ਭਾਲ ਕੀਤੀ ਤਾਂ ਟਰੈਕਟਰ-ਟਰਾਲੀ ਨਾ ਮਿਲਣ ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਇਕ ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੇਸ ਦਰਜ ਕਰਕੇ ਚੋਰ ਦੀ ਭਾਲ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।