ਜੀਪੀਐੱਸ ਸਿਸਟਮ ਨਾਲ ਪੁਲਿਸ ਨੇ ਕਾਬੂ ਕੀਤੇ ਤਿੰਨ ਲੁਟੇਰੇ
ਜੀਪੀਐੱਸ ਸਿਸਟਮ ਨਾਲ ਕਾਬੂ ਕੀਤੇ ਪੁਲਿਸ ਨੇ ਤਿੰਨ ਲੁਟੇਰੇ
Publish Date: Wed, 28 Jan 2026 10:12 PM (IST)
Updated Date: Wed, 28 Jan 2026 10:16 PM (IST)

-ਏਐੱਸਆਈ ਸਤਿੰਦਰ ਕੁਮਾਰ ਦੀ ਮਿਹਨਤ ਲਿਆਏ ਰੰਗ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਨੌਜਵਾਨ ਕੋਲੋਂ ਲੁੱਟੇ ਗਏ ਸਕੂਟਰ ’ਚ ਲੱਗੇ ਜੀਪੀਐੱਸ ਸਿਸਟਮ ਉਸ ਵੇਲੇ ਲੁਟੇਰਿਆਂ ਲਈ ਮੁਸੀਬਤ ਬਣ ਗਿਆ, ਜਦੋਂ ਥਾਣਾ ਨੰਬਰ ਸੱਤ ਦੇ ਏਐੱਸਆਈ ਸਤਿੰਦਰ ਕੁਮਾਰ ਦੀ ਮਿਹਨਤ ਸਦਕਾ ਤਿੰਨ ਲੁਟੇਰਿਆਂ ਨੂੰ ਕਿਰਾਏ ਦੇ ਮਕਾਨ ’ਚੋਂ ਲੁੱਟੇ ਗਏ ਸਕੂਟਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀ ਗੁਰਜੀਤ ਪਾਲ ਵਾਸੀ ਪਿੰਡ ਕੰਗਣੀਵਾਲ ਹਜ਼ਾਰਾ ਆਪਣੇ ਸਕੂਟਰ ਨੰਬਰ ਪੀਬੀ-08-ਈਜੈੱਡ-3471 ’ਤੇ ਰਾਤ 11 ਵਜੇ ਦੇ ਕਰੀਬ ਪੰਜਾਬ ਐਵਨਿਊ ਵੱਲ ਜਾ ਰਿਹਾ ਸੀ। ਇਸ ਦੌਰਾਨ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਉਸ ਨੂੰ ਡਰਾ ਧਮਕਾ ਕੇ ਤਿੰਨਾਂ ਨੇ ਸਕੂਟਰ ਖੋਹ ਲਿਆ। ਜਦੋਂ ਗੁਰਜੀਤ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਧੱਕਾ ਮੁੱਕੀ ਵੀ ਕੀਤੀ। ਉਸ ਤੋਂ ਬਾਅਦ ਤਿੰਨੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਸੱਤ ਦੇ ਏਐੱਸਆਈ ਸਤਿੰਦਰ ਕੁਮਾਰ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਗੁਰਜੀਤ ਪਾਲ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਗੁਰਜੀਤ ਪਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਸਕੂਟਰ ’ਚ ਜੀਪੀਐੱਸ ਸਿਸਟਮ ਲੱਗਾ ਹੋਇਆ ਹੈ। ਇਸ ਤੋਂ ਬਾਅਦ ਏਐੱਸਆਈ ਸਤਿੰਦਰ ਕੁਮਾਰ ਵੱਲੋਂ ਜੀਪੀਐੱਸ ਸਿਸਟਮ ਦੇ ਸਹਾਰੇ ਪਤਾ ਲਾਇਆ ਗਿਆ ਕਿ ਇਸ ਵੇਲੇ ਤਿੰਨੇ ਲੁਟੇਰੇ ਭਾਰਤ ਕਾਲੋਨੀ ’ਚ ਮੌਜੂਦ ਹਨ ਤੇ ਸਕੂਟਰ ਵੀ ਉਸੇ ਥਾਂ ’ਤੇ ਖੜ੍ਹਾ ਹੈ। ਏਐੱਸਆਈ ਸਤਿੰਦਰ ਕੁਮਾਰ ਵੱਲੋਂ ਪੁਲਿਸ ਪਾਰਟੀ ਸਮੇਤ ਜੀਪੀਐੱਸ ਤਹਿਤ ਮਿਲੀ ਜਾਣਕਾਰੀ ਦੇ ਆਧਾਰ ’ਤੇ ਉਕਤ ਥਾਂ ’ਤੇ ਛਾਪਾਮਾਰੀ ਕੀਤੀ ਤੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੌਕੇ ਤੋਂ ਗੁਰਜੀਤ ਕੋਲੋਂ ਲੁੱਟਿਆ ਸਕੂਟਰ ਵੀ ਬਰਾਮਦ ਕਰ ਲਿਆ। ਫੜੇ ਗਏ ਲੁਟੇਰਿਆਂ ਦੀ ਪਛਾਣ ਨਿਤਿਨ ਕੁਮਾਰ ਉਰਫ ਮਨੂ ਵਾਸੀ ਟਾਵਰ ਟਾਊਨ, ਸਾਗਰ ਉਰਫ ਪੰਮਾ ਵਾਸੀ ਟਾਵਰ ਟਾਊਨ ਤੇ ਰਮਨਦੀਪ ਸਿੰਘ ਉਰਫ ਮਨੀ ਵਾਸੀ ਸ਼ਾਹਕੋਟ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਐੱਸਆਈ ਸਤਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ਤੇ ਲੈ ਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਉਨ੍ਹਾਂ ਕੋਲੋਂ ਚੋਰੀ ਦੇ ਹੋਰ ਵੀ ਵਾਹਨ ਬਰਾਮਦ ਹੋਣਗੇ।