ਦੁਕਾਨਾਂ ਦੇ ਬਾਹਰ ਪਿਆ ਸਾਮਾਨ ਜ਼ਬਤ
ਜਾਸ, ਜਲੰਧਰ : ਨਗਰ
Publish Date: Mon, 17 Nov 2025 09:13 PM (IST)
Updated Date: Mon, 17 Nov 2025 09:16 PM (IST)
ਜਾਸ, ਜਲੰਧਰ : ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਤੇ ਥਾਣਾ ਚਾਰ ਦੀ ਪੁਲਿਸ ਨੇ ਸੋਮਵਾਰ ਨੂੰ ਬਾਜ਼ਾਰਾਂ ’ਚ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ। ਇਸ ਦਾ ਟੀਚਾ ਬਾਜ਼ਾਰਾਂ ’ਚ ਟ੍ਰੈਫਿਕ ਨੂੰ ਸੁਚਾਰੂ ਬਣਾਉਣਾ ਹੈ। ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਮਨਦੀਪ ਸਿੰਘ ਤੇ ਅਮਿਤ ਕਾਲੀਆ ਦੇ ਅਗਵਾਈ ’ਚ ਇਹ ਕਾਰਵਾਈ ਕੀਤੀ ਗਈ। ਇਸ ਮੁਹਿੰਮ ’ਚ ਟ੍ਰੈਫਿਕ ਪੁਲਿਸ ਤੇ ਡਵੀਜ਼ਨ ਨੰਬਰ-4 ਪੁਲਿਸ ਦੀ ਭੂਮਿਕਾ ਵੀ ਅਹਿਮ ਰਹੀ। ਕਾਰਵਾਈ ਦੌਰਾਨ ਰੈਣਕ ਬਾਜ਼ਾਰ, ਜੋਤੀ ਚੌਕ ਤੇ ਸਿਵਲ ਹਸਪਤਾਲ ਰੋਡ ’ਤੇ ਕਬਜ਼ੇ ਹਟਾਏ ਗਏ। ਇੱਥੇ ਦੁਕਾਨਾਂ ਦੇ ਅੱਗੇ ਤੇ ਫੁੱਟਪਾਥਾਂ ’ਤੇ ਰੇਹੜੀਆਂ, ਫੜੀਆਂ ਤੇ ਦੁਕਾਨਾਂ ਦੇ ਸਾਮਾਨ ਕਾਰਨ ਟ੍ਰੈਫਿਕ ’ਚ ਰੁਕਾਵਟ ਪੈਦਾ ਹੋ ਰਹੀ ਸੀ। ਸ਼ਹਿਰ ਦੇ ਇਨ੍ਹਾਂ ਖੇਤਰਾਂ ’ਚ ਦੁਕਾਨਦਾਰਾਂ ਵੱਲੋਂ ਸਾਮਾਨ ਰੱਖਣ, ਵਾਹਨਾਂ ਦੀ ਬੇਹਿਸਾਬੀ ਪਾਰਕਿੰਗ, ਰੇਹੜੀ-ਪੱਟੜੀ ਵਾਲਿਆਂ ਤੇ ਸਟਾਲਾਂ ਨਾਲ ਲੋਕਾਂ ਨੂੰ ਪੈਦਲ ਸੈਰ ’ਚ ਵੀ ਮੁਸ਼ਕਲ ਆ ਰਹੀ ਸੀ। ਨਗਰ ਨਿਗਮ ਦੀ ਟੀਮ ਨੇ ਮੌਕੇ ’ਤੇ ਬੋਰਡ, ਰੈਕ, ਸਾਮਾਨ ਤੇ ਰੇਹੜੀਆਂ ਜ਼ਬਤ ਕਰ ਲਈਆਂ। ਮੁਹਿੰਮ ਦੌਰਾਨ ਦੁਕਾਨਦਾਰਾਂ ਤੇ ਵਿਕ੍ਰੇਤਾਵਾਂ ਨੂੰ ਨਿਗਮ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਤੇ ਚਿਤਾਵਨੀ ਦਿੱਤੀ ਗਈ ਕਿ ਭਵਿੱਖ ’ਚ ਕਿਸੇ ਤਰ੍ਹਾਂ ਕਬਜ਼ਾ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ।