ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਫਰਵਰੀ,

ਸੰਤ ਨਿਰੰਜਨ ਦਾਸ ਜੀ ਮਹਾਰਾਜ ਨਾਲ ਆਧਿਆਤਮਿਕ ਚਰਚਾ ਕਰਨਗੇ, ਸੰਗਤ ਨੂੰ ਵੀ ਸੰਬੋਧਨ ਕਰਨਗੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਜਲੰਧਰ ਸਥਿਤ ਡੇਰਾ ਸ਼੍ਰੀ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿੱਚ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਕਰੀਬ 40 ਮਿੰਟ ਤੱਕ ਡੇਰੇ ਵਿਚ ਰਹਿਣਗੇ। ਇਸ ਦੌਰਾਨ ਉਹ ਸ੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਨਾਲ ਅਧਿਆਤਮਿਕ ਚਰਚਾ ਕਰਨਗੇ ਤੇ ਡੇਰੇ ਦੀ ਸੰਗਤ ਨੂੰ ਵੀ ਸੰਬੋਧਨ ਕਰਨਗੇ। ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਡੇਰੇ ’ਚ ਵੱਡੀ ਗਿਣਤੀ ਵਿੱਚ ਸੰਗਤ ਪੁੱਜਦੀ ਹੈ। ਪ੍ਰਧਾਨ ਮੰਤਰੀ ਇਸ ਮੌਕੇ ਡੇਰਾ ਸਚਖੰਡ ਬੱਲਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕਰਨਗੇ। ਡੇਰਾ ਸਿਹਤ, ਸਿੱਖਿਆ ਅਤੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਨਦਾਸ ਜੀ ਮਹਾਰਾਜ ਇਸ ਸਮੇਂ ਸੰਗਤ ਨਾਲ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਅਸਥਾਨ ਵਾਰਾਨਸੀ ਗਏ ਹੋਏ ਹਨ। ਉਹ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਆਗਮਨ ਮੌਕੇ ਉੱਥੋਂ ਵਾਪਸ ਆ ਜਾਣਗੇ। ਉੱਧਰ, ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਵੱਲੋਂ ਡੇਰਾ ਸਚਖੰਡ ਬੱਲਾਂ ਵਿੱਚ ਸੁਰੱਖਿਆ ਪ੍ਰਬੰਧ ਸੰਭਾਲ ਲਏ ਗਏ ਹਨ। ਐੱਸਪੀਜੀ ਦੀ ਟੀਮ ਨੇ ਡੇਰਾ ਸੱਚਖੰਡ ਬੱਲਾਂ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸੁਰੱਖਿਆ ਘੇਰੇ ’ਚ ਲੈ ਲਿਆ ਹੈ। ਡੀਜੀਪੀ ਗੌਰਵ ਯਾਦਵ ਤੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਸਮੇਤ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਡੇਰੇ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਚੁੱਕੇ ਹਨ।
ਡੇਰਾ ਸਚਖੰਡ ਬੱਲਾਂ ’ਚ ਹੈਲੀਪੈਡ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਆਦਮਪੁਰ ਏਅਰਪੋਰਟ ਤੋਂ ਡੇਰਾ ਸਚਖੰਡ ਬੱਲਾਂ ਤੱਕ ਹੈਲੀਕਾਪਟਰ ਰਾਹੀਂ ਪੁੱਜਣਗੇ। ਐਮਰਜੈਂਸੀ ਸਥਿਤੀ ਲਈ ਡੀਏਵੀ ਯੂਨੀਵਰਸਿਟੀ ਵਿੱਚ ਵੀ ਇਕ ਹੈਲੀਪੈਡ ਤਿਆਰ ਕੀਤਾ ਗਿਆ ਹੈ। ਹਾਲਾਂਕਿ ਸ਼ੁੱਕਰਵਾਰ ਦੁਪਹਿਰ ਨੂੰ ਕੁਝ ਸਮੇਂ ਲਈ ਇਹ ਚਰਚਾ ਫੈਲ ਗਈ ਸੀ ਕਿ ਪ੍ਰਧਾਨ ਮੰਤਰੀ ਦਾ ਦੌਰਾ ਇੱਕ ਦਿਨ ਲਈ ਟਲ ਗਿਆ ਹੈ ਅਤੇ ਉਹ ਦੋ ਫਰਵਰੀ ਨੂੰ ਆਉਣਗੇ। ਦਿੱਲੀ ਸਰਕਾਰ ਵਿੱਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਚੰਡੀਗੜ੍ਹ ’ਚ ਦਿੱਤੇ ਗਏ ਬਿਆਨ ਕਾਰਨ ਇਹ ਭਰਮ ਪੈਦਾ ਹੋਇਆ ਸੀ। ਕੁਝ ਸਮੇਂ ਬਾਅਦ ਹੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਜਲੰਧਰ ਇਕਾਈ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਪਹਿਲੀ ਫਰਵਰੀ ਨੂੰ ਹੀ ਆ ਰਹੇ ਹਨ। ਬਾਅਦ ’ਚ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੋਸ਼ਲ ਮੀਡੀਆ ‘ਤੇ ਆਪਣਾ ਬਿਆਨ ਵਾਪਸ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਪਹਿਲੀ ਫਰਵਰੀ ਨੂੰ ਹੀ ਆਉਣਗੇ।