ਕੁੱਝ ਰੁਪਿਆਂ ਲਈ ਜ਼ਿੰਦਗੀ ਨਾਲ ਖੇਡ, ਬਾਜ਼ਾਰਾਂ ’ਚ ਵਿੱਕ ਰਹੀ ਪਲਾਸਟਿਕ ਡੋਰ, ਦੁਕਾਨਦਾਰ ਅਪਣਾ ਰਹੇ ਨਵੇਂ-ਨਵੇਂ ਤਰੀਕੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਲਾਸਟਿਕ ਡੋਰ ਹੁਣ ਤੱਕ ਜ਼ਿਲ੍ਹੇ ’ਚ ਸੈਂਕੜੇ ਲੋਕਾਂ ਨੂੰ ਜ਼ਖ਼ਮੀ ਕਰ ਚੁੱਕੀ ਹੈ। ਕਈ ਲੋਕਾਂ ਦੀ ਤਾਂ ਜਾਨ ਵੀ ਜਾ ਚੁੱਕੀ ਹੈ, ਪਰ ਡੋਰ ਵੇਚਣ ਵਾਲੇ ਦੁਕਾਨਦਾਰ ਥੋੜ੍ਹੇ ਜਿਹੇ ਨਫ਼ੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਸ਼ਹਿਰ ਦੇ ਕਿਸ਼ਨਪੁਰਾ, ਬਲਦੇਵ ਨਗਰ, ਸੰਤੋਖਪੁਰਾ, ਅਜੀਤ ਨਗਰ, ਰਾਜ ਨਗਰ, ਬਸਤੀ ਬਾਵਾ ਖੇਲ, ਬਸਤੀ ਦਾਨਿਸ਼ਮੰਦਾਂ ਸਮੇਤ ਕਈ ਇਲਾਕਿਆਂ ’ਚ ਪਲਾਸਟਿਕ ਡੋਰ ਦੀ ਖੁੱਲ੍ਹੇਆਮ ਵਿਕਰੀ ਹੋ ਰਹੀ ਹੈ। ਪਲਾਸਟਿਕ ਡੋਰ ਦੀ ਵਿਕਰੀ ਰੋਕਣ ਲਈ ਪੁਲਿਸ ਦਿਨ-ਰਾਤ ਮਿਹਨਤ ਕਰ ਰਹੀ ਹੈ ਪਰ ਲੁਕ-ਛੁਪ ਕੇ ਇਹ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਰੋਕਣਾ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਡੋਰ ਵੇਚਣ ਲਈ ਦੁਕਾਨਦਾਰ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ, ਜਿਸ ਕਾਰਨ ਪੁਲਿਸ ਨੂੰ ਕਈ ਵਾਰ ਉਨ੍ਹਾਂ ਦੀ ਕੋਈ ਭਿਣਕ ਤੱਕ ਨਹੀਂ ਲੱਗਦੀ। ਪਲਾਸਟਿਕ ਡੋਰ ਨਾਲ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਸਰਕਾਰ ਨੇ ਇਸ ਦੀ ਖਰੀਦ-ਫਰੋਖ਼ਤ ’ਤੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਦੁਕਾਨਦਾਰ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਡੋਰ ਵੇਚ ਰਹੇ ਹਨ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਅਪਰਾਧ ਰੋਕਣ ਦੇ ਨਾਲ-ਨਾਲ ਪਲਾਸਟਿਕ ਡੋਰ ਦੀ ਵਿਕਰੀ ’ਤੇ ਨਕੇਲ ਕਸਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ, ਪਰ ਪੂਰੀ ਤਰ੍ਹਾਂ ਰੋਕ ਲਗਾਉਣਾ ਅਜੇ ਵੀ ਮੁਸ਼ਕਲ ਹੈ। ਹਾਲਾਂਕਿ, ਥਾਣਾ ਤਿੰਨ ਦੀ ਪੁਲਿਸ ਨੇ ਤਿੰਨ ਹਫ਼ਤੇ ਪਹਿਲਾਂ ਇਕ ਵਿਅਕਤੀ ਨੂੰ ਡੋਰ ਸਮੇਤ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਫਿਰ ਵੀ ਦੁਕਾਨਦਾਰ ਸਰਕਾਰੀ ਨਿਯਮਾਂ ਨੂੰ ਨਹੀਂ ਮੰਨ ਰਹੇ। ਪਲਾਸਟਿਕ ਡੋਰ ਨਾਲ ਸਿਰਫ਼ ਲੋਕ ਹੀ ਨਹੀਂ, ਪੰਛੀ ਵੀ ਸ਼ਿਕਾਰ ਬਣ ਰਹੇ ਹਨ। ਹਾਲਾਂਕਿ, ਪਲਾਸਟਿਕ ਡੋਰ ਖਰੀਦਣ ਵਾਲੇ ਬੱਚਿਆਂ ਦੇ ਮਾਪੇ ਵੀ ਘੱਟ ਮੁਲਜ਼ਮ ਨਹੀਂ ਹਨ, ਕਿਉਂਕਿ ਸਭ ਕੁਝ ਜਾਣਦੇ ਹੋਏ ਵੀ ਉਹ ਆਪਣੇ ਬੱਚਿਆਂ ਨੂੰ ਨਹੀਂ ਰੋਕਦੇ।
--------------------------
ਸੀਜ਼ਨ ਤੋਂ ਪਹਿਲਾਂ ਹੀ ਸਟਾਕ ਕਰ ਲਈ ਜਾਂਦੀ ਹੈ ਡੋਰ, ਜਾਣ-ਪਛਾਣ ਵਾਲਿਆਂ ਨੂੰ ਹੀ ਵੇਚਦੇ ਹਨ ਦੁਕਾਨਦਾਰ
ਪਤਾ ਲੱਗਾ ਹੈ ਕਿ ਪਲਾਸਟਿਕ ਡੋਰ ਦਾ ਸੀਜ਼ਨ ਆਉਣ ਤੋਂ ਪਹਿਲਾਂ ਹੀ ਦੁਕਾਨਦਾਰ ਆਪਣੀ ਹੈਸੀਅਤ ਅਨੁਸਾਰ ਡੋਰ ਖਰੀਦ ਕੇ ਸਟਾਕ ਕਰ ਲੈਂਦੇ ਹਨ। ਸੀਜ਼ਨ ਤੋਂ ਪਹਿਲਾਂ ਡੋਰ ਦੀਆਂ ਪੇਟੀਆਂ ਇਕ ਥਾਂ ਤੋਂ ਦੂਜੇ ਥਾਂ ਲਿਜਾਣ ’ਚ ਕੋਈ ਵੱਡੀ ਮੁਸ਼ਕਲ ਨਹੀਂ ਹੁੰਦੀ, ਜਿਸ ਦਾ ਫਾਇਦਾ ਉਠਾ ਕੇ ਦੁਕਾਨਦਾਰ ਡੋਰ ਨੂੰ ਦੁਕਾਨਾਂ ਦੀ ਬਜਾਏ ਘਰਾਂ ਜਾਂ ਕਿਰਾਏ ਦੇ ਕੁਆਟਰਾਂ ’ਚ ਸਟਾਕ ਕਰ ਲੈਂਦੇ ਹਨ। ਸੀਜ਼ਨ ਦੌਰਾਨ ਉਹ ਰੋਜ਼ਾਨਾ ਦੋ-ਦੋ ਪੀਸ ਕੱਢ ਕੇ ਸਿਰਫ਼ ਜਾਣਕਾਰਾਂ ਜਾਂ ਆਪਣੀ ਜਾਣ-ਪਛਾਣ ਵਾਲਿਆਂ ਨੂੰ ਹੀ ਵੇਚਦੇ ਹਨ ਤਾਂ ਜੋ ਪੁਲਿਸ ਤੋਂ ਬਚ ਸਕਣ। ਜੇ ਕਿਸੇ ਸੂਚਨਾ ’ਤੇ ਪੁਲਿਸ ਮੌਕੇ ’ਤੇ ਪਹੁੰਚਦੀ ਹੈ ਤਾਂ ਅਕਸਰ ਪੁਲਿਸ ਦੇ ਹੱਥ ਖਾਲੀ ਰਹਿ ਜਾਂਦੇ ਹਨ।
----------------------
ਗਲੀਆਂ-ਮੁਹੱਲਿਆਂ ਦੇ ਬੱਚਿਆਂ ਰਾਹੀਂ ਵਿਕਰੀ, ਗੱਟੂਆਂ ਲਈ ਰੱਖੇ ਕੋਡ ਵਰਡ
ਦੁਕਾਨਦਾਰ ਖੁਦ ਡੋਰ ਨਹੀਂ ਵੇਚਦੇ, ਸਗੋਂ ਬੱਚਿਆਂ ਨੂੰ ਇੱਕ ਗੱਟੂ ਦੇ ਪੀਸ ’ਤੇ 80 ਤੋਂ 100 ਰੁਪਏ ਦਾ ਲਾਲਚ ਦੇ ਕੇ ਵੱਖ-ਵੱਖ ਕਿਸਮਾਂ ਦੇ ਦੋ-ਦੋ ਪੀਸ ਦੇ ਦਿੰਦੇ ਹਨ। ਇਹ ਬੱਚੇ ਆਪਣੇ ਸਕੂਲ ਦੇ ਸਾਥੀਆਂ ਤੇ ਦੋਸਤਾਂ ਨੂੰ ਆਸਾਨੀ ਨਾਲ ਡੋਰ ਵੇਚ ਦਿੰਦੇ ਹਨ। ਬੱਚਿਆਂ ਰਾਹੀਂ ਵਿਕਰੀ ਹੋਣ ਕਾਰਨ ਪੁਲਿਸ ਨੂੰ ਵੀ ਸ਼ੱਕ ਨਹੀਂ ਹੁੰਦਾ ਤੇ ਦੁਕਾਨਦਾਰ ਬਿਨਾਂ ਕਿਸੇ ਖ਼ਤਰੇ ਦੇ ਗੱਟੂ ਵੇਚ ਲੈਂਦੇ ਹਨ। ਬੱਚਿਆਂ ਨੇ ਡੋਰ ਲਈ ‘ਮੋਨੂ ਫਾਈਟਰ’, ‘ਮੋਨੂ ਕਾਈਟ’, ‘ਗੋਲਡ’ ਵਰਗੇ ਕੋਡ ਵਰਡ ਰੱਖੇ ਹੋਏ ਹਨ ਤੇ ਹਰ ਗੱਟੂ ਦੀ ਵੱਖ-ਵੱਖ ਕੀਮਤ ਹੈ।
--------------------------
ਕਈ ਆਨਲਾਈਨ ਸਾਈਟਾਂ ’ਤੇ ਹੋਮ ਡਿਲੀਵਰੀ ਨਾਲ ਉਪਲੱਬਧ ਹੈ ਡੋਰ
ਪੁਲਿਸ ਜਿੱਥੇ ਸਥਾਨਕ ਦੁਕਾਨਦਾਰਾਂ ’ਤੇ ਨਕੇਲ ਕਸਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਕਈ ਆਨਲਾਈਨ ਸਾਈਟਾਂ ਬਿਨਾਂ ਕਿਸੇ ਡਰ ਦੇ ਪਲਾਸਟਿਕ ਡੋਰ ਵੇਚ ਰਹੀਆਂ ਹਨ। ਇਨ੍ਹਾਂ ’ਚ ਜ਼ਿਆਦਾਤਰ ਦੁਕਾਨਦਾਰ ਦਿੱਲੀ ਦੇ ਹਨ, ਜੋ ਕੋਰੀਅਰ ਰਾਹੀਂ ਘਰ ਤੱਕ ਡੋਰ ਪਹੁੰਚਾ ਰਹੇ ਹਨ। ਜੇ ਆਨਲਾਈਨ ਡੋਰ ਦੀ ਖੋਜ ਕੀਤੀ ਜਾਵੇ ਤਾਂ ਕਈ ਵੈੱਬਸਾਈਟਾਂ ਖੁੱਲ੍ਹ ਜਾਂਦੀਆਂ ਹਨ, ਜਿਨ੍ਹਾਂ ’ਤੇ ਜ਼ਿਆਦਾਤਰ ਵੇਚਣ ਵਾਲਿਆਂ ਦਾ ਪਤਾ ਦਿੱਲੀ ਦਰਜ ਹੁੰਦਾ ਹੈ। ਅਧਿਕਾਰੀਆਂ ਨੂੰ ਆਨਲਾਈਨ ਡਿਲਿਵਰੀ ’ਤੇ ਵੀ ਸਖ਼ਤੀ ਨਾਲ ਨਕੇਲ ਕਸਣ ਦੀ ਲੋੜ ਹੈ।
-------------------------
ਕਮਜ਼ੋਰ ਕਾਨੂੰਨ ਕਾਰਨ ਦੁਕਾਨਦਾਰਾਂ ਦੇ ਹੌਸਲੇ ਬੁਲੰਦ
ਪਲਾਸਟਿਕ ਡੋਰ ਵੇਚਣ ਵਾਲਿਆਂ ’ਤੇ ਕੇਸ ਦਰਜ ਤਾਂ ਹੁੰਦਾ ਹੈ, ਪਰ ਉਹ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੁੰਦਾ। ਡੋਰ ਵੇਚਦੇ ਫੜੇ ਜਾਣ ’ਤੇ ਸਿਰਫ਼ ਬੀਐੱਨਐੱਸ ਧਾਰਾ 223 (ਸਰਕਾਰੀ ਹੁਕਮਾਂ ਦੀ ਉਲੰਘਣਾ) ਤਹਿਤ ਕੇਸ ਦਰਜ ਹੁੰਦਾ ਹੈ ਅਤੇ ਮੌਕੇ ’ਤੇ ਹੀ ਜ਼ਮਾਨਤ ਮਿਲ ਜਾਂਦੀ ਹੈ। ਜਲਦੀ ਜ਼ਮਾਨਤ ਤੇ ਕਮਜ਼ੋਰ ਕਾਨੂੰਨ ਕਾਰਨ ਵੇਚਣ ਵਾਲਿਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ। ਇਸ ਮਾਮਲੇ ’ਤੇ ਸ਼ਿਵ ਸੈਨਾ ਆਗੂ ਸੁਨੀਲ ਕੁਮਾਰ ਬੰਟੀ ਨੇ ਕਿਹਾ ਕਿ ਪਲਾਸਟਿਕ ਡੋਰ ਵੇਚਣ ਵਾਲਿਆਂ ’ਤੇ ਸਿਰਫ਼ ਬੀਐੱਨਐੱਸ 223 ਨਹੀਂ, ਸਗੋਂ ਇਰਾਦਾ-ਕਤਲ ਦੀ ਧਾਰਾ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਦੁਕਾਨਦਾਰ ਡੋਰ ਵੇਚਣ ਤੋਂ ਡਰਣ।