ਪਲਾਸਟਿਕ ਡੋਰ ਬਣ ਰਹੀ ਜਾਨਲੇਵਾ, ਦਾਅ ’ਤੇ ਲੱਗ ਰਹੀਆਂ ਮਾਸੂਮ ਜ਼ਿੰਦਗੀਆਂ
ਪਲਾਸਟਿਕ ਡੋਰ ਬਣ ਰਹੀ ਜਾਨਲੇਵਾ, ਸ਼ੌਂਕ ਤੇ ਮੁਨਾਫੇ ਲਈ ਦਾਅ ’ਤੇ ਲੱਗ ਰਹੀਆਂ ਮਾਸੂਮ ਜਿੰਦਗੀਆਂ
Publish Date: Sat, 27 Dec 2025 09:09 PM (IST)
Updated Date: Sun, 28 Dec 2025 04:14 AM (IST)

ਬੈਨ ਦੇ ਬਾਵਜੂਦ ਬਾਜ਼ਾਰ ’ਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ, 13 ਸਾਲਾਂ ਦੇ ਬੱਚੇ ਸਮੇਤ 2 ਦੀ ਮੌਤ, ਕਈ ਜ਼ਖ਼ਮੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਤੰਗਬਾਜ਼ੀ ਦੇ ਸ਼ੌਕ ਤੇ ਕੁਝ ਰੁਪਇਆ ਦੇ ਲਾਲਚ ’ਚ ਪਲਾਸਟਿਕ ਡੋਰ ਅੱਜ ਵੀ ਲੋਕਾਂ ਦੀਆਂ ਜ਼ਿੰਦਗੀਆਂ ਲਈ ਵੱਡਾ ਖ਼ਤਰਾ ਬਣੀ ਹੋਈ ਹੈ। ਆਦਮਪੁਰ ’ਚ 13 ਸਾਲਾਂ ਦੇ ਬੱਚੇ ਦੀ ਮੌਤ ਪਲਾਸਟਿਕ ਡੋਰ ਕਾਰਨ ਹੋਈ ਸੀ ਪਰ ਅੱਜ ਤੱਕ ਇਸ ਮਾਮਲੇ ’ਚ ਕੋਈ ਵੀ ਮੁਲਜ਼ਮ ਕਾਬੂ ਨਹੀਂ ਆ ਸਕਿਆ। ਪਲਾਸਟਿਕ ਡੋਰ ਸਿਰਫ਼ ਸਰੀਰ ’ਤੇ ਹੀ ਡੂੰਘੇ ਜ਼ਖ਼ਮ ਨਹੀਂ ਛੱਡ ਰਹੀ, ਸਗੋਂ ਪੀੜਤ ਪਰਿਵਾਰਾਂ ਦੇ ਦਿਲਾਂ ’ਤੇ ਅਜਿਹੇ ਘਾਅ ਦੇ ਰਹੀ ਹੈ, ਜੋ ਜ਼ਿੰਦਗੀ ਭਰ ਨਹੀਂ ਭਰਦੇ। ਸ਼ੌਕ ਤੇ ਮੁਨਾਫੇ ਲਈ ਹਰ ਸਾਲ ਸੈਂਕੜੇ ਜ਼ਿੰਦਗੀਆਂ ਦਾਅਂ ’ਤੇ ਲੱਗ ਰਹੀਆਂ ਹਨ। ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਭਾਵੇਂ ਇਸ ਖਤਰਨਾਕ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਦੇ ਦਾਅਵੇ ਕਰਦਾ ਹੈ ਪਰ ਹਕੀਕਤ ਇਹ ਹੈ ਕਿ ਬਾਜ਼ਾਰਾਂ ’ਚ ਅੱਜ ਵੀ ਇਹ ਖੁੱਲ੍ਹੇਆਮ ਵਿਕ ਰਹੀ ਹੈ। ਇਕ ਪਾਸੇ ਇਸ ਡੋਰ ਨਾਲ ਜ਼ਖ਼ਮੀ ਹੋਏ ਲੋਕ ਇਸ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕਰ ਰਹੇ ਹਨ, ਦੂਜੇ ਪਾਸੇ ਕੁਝ ਲੋਕ ਨਾ ਤਾਂ ਕਾਨੂੰਨ ਦੀ ਪ੍ਰਵਾਹ ਕਰ ਰਹੇ ਹਨ ਤੇ ਨਾ ਹੀ ਦੂਜਿਆਂ ਦੀ ਸੁਰੱਖਿਆ ਦੀ, ਜਿਸ ਨਾਲ ਪੁਲਿਸ ਦੀ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਅੰਕੜਿਆਂ ਮੁਤਾਬਕ ਸਾਲ 2021 ’ਚ ਪਲਾਸਟਿਕ ਡੋਰ ਨਾਲ 18 ਲੋਕ ਜ਼ਖ਼ਮੀ ਹੋਏ। 2022 ’ਚ ਇਕ ਵਿਅਕਤੀ ਦੀ ਮੌਤ ਹੋਈ ਤੇ 22 ਤੋਂ ਵੱਧ ਜ਼ਖ਼ਮੀ ਹੋਏ। 2023 ’ਚ 19 ਲੋਕ ਇਸ ਜਾਨਲੇਵਾ ਡੋਰ ਦਾ ਸ਼ਿਕਾਰ ਬਣੇ। 2024 ’ਚ ਇਕ ਬੱਚੇ ਦੀ ਜਾਨ ਗਈ ਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋਏ। 2025 ’ਚ ਹੁਣ ਤੱਕ ਲਗਭਗ 20 ਲੋਕ ਜ਼ਖ਼ਮੀ ਹੋ ਚੁੱਕੇ ਹਨ। ਜਲੰਧਰ ਸਮੇਤ ਪੰਜਾਬ ’ਚ ਪਿਛਲੇ ਇਕ ਸਾਲ ਦੌਰਾਨ ਇਸ ਪਲਾਸਟਿਕ ਜਾਂ ਸਿੰਥੈਟਿਕ ਧਾਗੇ ਦੇ ਖ਼ਤਰਨਾਕ ਇਸਤੇਮਾਲ ਤੇ ਵਿਕਰੀ ਖ਼ਿਲਾਫ਼ ਪੁਲਿਸ ਤੇ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਚਾਈਨਾ ਡੋਰ ’ਤੇ ਪਾਬੰਦੀ ਹੋਣ ਦੇ ਬਾਵਜੂਦ ਇਸ ਦੀ ਵਿਕਰੀ, ਵਰਤੋਂ ਤੇ ਹਾਦਸਿਆਂ ’ਚ ਕੋਈ ਵੱਡੀ ਕਮੀ ਨਹੀਂ ਆ ਰਹੀ। ਬਾਕਸ-- ਪਲਾਸਟਿਕ ਡੋਰ ਕੀ ਹੈ ਤੇ ਇਸ ’ਤੇ ਪਾਬੰਦੀ ਕਿਉਂ ਲੱਗੀ? ਪਲਾਸਟਿਕ ਡੋਰ ਨਾਇਲੋਨ ਜਾਂ ਸਿੰਥੈਟਿਕ ਧਾਗੇ ਦੀ ਬਣੀ ਹੁੰਦੀ ਹੈ, ਜਿਸ ’ਤੇ ਕੱਚ ਜਾਂ ਧਾਤੂ ਦਾ ਪਾਊਡਰ ਲੱਗਾ ਹੁੰਦਾ ਹੈ, ਜਿਸ ਕਾਰਨ ਇਹ ਬਹੁਤ ਤੇਜ਼ ਤੇ ਖ਼ਤਰਨਾਕ ਹੋ ਜਾਂਦੀ ਹੈ। ਇਹ ਪਰੰਪਰਾਗਤ ਸੂਤੀ ਮਾਂਝੇ ਨਾਲੋਂ ਕਈ ਗੁਣਾ ਜ਼ਿਆਦਾ ਘਾਤਕ ਹੁੰਦੀ ਹੈ। ਹਵਾ ’ਚ ਸਿਰ ਤੇ ਗਰਦਨ ਦੇ ਲੈਵਲ ’ਤੇ ਆਉਣ ਨਾਲ ਇਹ ਰਾਹਗੀਰਾਂ, ਮੋਟਰਸਾਈਕਲ ਸਵਾਰਾਂ ਤੇ ਪੈਦਲ ਯਾਤਰੀਆਂ ਲਈ ਜਾਨਲੇਵਾ ਸਾਬਤ ਹੁੰਦੀ ਹੈ। ਇਸ ਨਾਲ ਬਿਜਲੀ ਦੀ ਤਾਰਾਂ ’ਚ ਕਰੰਟ ਲੱਗਣ ਦਾ ਖ਼ਤਰਾ ਵੀ ਬਣ ਜਾਂਦਾ ਹੈ। ਬਾਕਸ-- ਹਰ ਤਿਉਹਾਰ ’ਤੇ ਵੱਧ ਜਾਂਦਾ ਹੈ ਖ਼ਤਰਾ ਸੰਗਰਾਂਦ, ਬਸੰਤ ਪੰਚਮੀ ਤੇ ਤਿਉਹਾਰਾਂ ਦੇ ਮੌਸਮ ’ਚ ਪਲਾਸਟਿਕ ਡੋਰ ਖੁੱਲ੍ਹੇਆਮ ਵਿਕਦੀ ਹੈ ਤੇ ਇਸ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਖ਼ਾਸ ਕਰ ਕੇ ਬਾਈਕ ਸਵਾਰ, ਸਕੂਟਰ ਚਾਲਕ ਤੇ ਪੈਦਲ ਰਾਹਗੀਰ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਕਈ ਮਾਮਲਿਆਂ ’ਚ ਡੋਰ ਗਰਦਨ ’ਚ ਫਸਣ ਨਾਲ ਮੌਕੇ ’ਤੇ ਹੀ ਮੌਤ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕਈ ਪੰਛੀ ਵੀ ਇਸ ਡੋਰ ਦਾ ਸ਼ਿਕਾਰ ਹੋ ਚੁੱਕੇ ਹਨ। ਬਾਕਸ-- ਹਾਦਸੇ, ਜਿਨ੍ਹਾਂ ’ਚ ਲੋਕਾਂ ਦੀ ਜਾਨ ਗਈ ਫਰਵਰੀ 2024 ’ਚ ਆਦਮਪੁਰ ਖੇਤਰ ’ਚ ਸਕੂਟਰ ’ਤੇ ਜਾ ਰਹੇ 13 ਸਾਲਾਂ ਦੇ ਬੱਚੇ ਦੀ ਗਰਦਨ ਚਾਈਨਾ ਡੋਰ ਨਾਲ ਕੱਟ ਗਈ। ਗੰਭੀਰ ਹਾਲਤ ’ਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਹੋਇਆ ਪਰ ਅੱਜ ਤੱਕ ਮੁਲਜ਼ਮ ਨਹੀਂ ਮਿਲਿਆ। ਬਾਕਸ-- 44 ਸਾਲਾਂ ਦੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਜਨਵਰੀ 2025 ’ਚ ਜਲੰਧਰ ਦੇਹਾਤ ’ਚ ਕੰਮ ਤੋਂ ਵਾਪਸ ਆ ਰਹੇ ਇਕ ਵਿਅਕਤੀ ਦੀ ਗਰਦਨ ’ਚ ਚਾਈਨਾ ਡੋਰ ਫਸ ਗਈ। ਗੰਭੀਰ ਹਾਲਤ ਦੇ ਚੱਲਦੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ 2 ਦਿਨ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਸਪਲਾਇਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਕਈ ਦਿਨ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਕਈ ਥਾਵਾਂ ਤੋਂ ਪਲਾਸਟਿਕ ਡੋਰ ਦਾ ਗੈਰ-ਕਾਨੂੰਨੀ ਸਟਾਕ ਜ਼ਬਤ ਕੀਤਾ ਤੇ ਕਈ ਵਿਕ੍ਰੇਤਾ ਗ੍ਰਿਫ਼ਤਾਰ ਕੀਤੇ ਪਰ ਮੌਤ ਦਾ ਕਾਰਨ ਬਣੇ ਮੁਲਜ਼ਮ ਬਾਰੇ ਅੱਜ ਤੱਕ ਪਤਾ ਨਹੀਂ ਲੱਗਿਆ। ਬਾਕਸ-- ਮਾਡਲ ਹਾਊਸ ’ਚ ਬਾਈਕ ਸਵਾਰ ਗੰਭੀਰ ਜ਼ਖ਼ਮੀ ਦਸੰਬਰ 2025 ’ਚ ਮਾਡਲ ਹਾਊਸ ਇਲਾਕੇ ’ਚ ਬਾਈਕ ਸਵਾਰ ਨੌਜਵਾਨ ਦੇ ਚਿਹਰੇ ਤੇ ਗਰਦਨ ’ਤੇ ਗਹਿਰੀਆਂ ਚੋਟਾਂ ਆਈਆਂ। ਪੁਲਿਸ ਨੂੰ ਮੌਕੇ ਤੋਂ ਪਲਾਸਟਿਕ ਡੋਰ ਬਰਾਮਦ ਹੋਈ। ਆਸ-ਪਾਸ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਮਿਲ ਕੇ ਸਰਚ ਅਭਿਆਨ ਚਲਾਇਆ ਗਿਆ ਪਰ ਨਤੀਜਾ ਸਿਫ਼ਰ ਹੀ ਰਿਹਾ। ਬਾਕਸ ਇਕ ਸਾਲ ’ਚ ਪੁਲਿਸ ਦੀ ਕਾਰਵਾਈ ਜਲੰਧਰ ’ਚ ਦਰਜ ਕੇਸ: 20 ਤੋਂ ਵੱਧ ਜਲੰਧਰ ’ਚ ਜ਼ਬਤ ਕੀਤਾ ਗੱਟੂ: 200 ਤੋਂ ਵੱਧ ਗ੍ਰਿਫ਼ਤਾਰ ਮੁਲਜ਼ਮ : 12 ਸਾਲ 2024 ’ਚ ਫੜੇ ਗਏ ਮੁਲਜ਼ਮ: 60 ਤੋਂ ਵੱਧ ਬਾਕਸ ਇਨ੍ਹਾਂ ਥਾਣਾ ਖੇਤਰਾਂ ’ਚ ਵੱਧ ਕਾਰਵਾਈ ਮਾਡਲ ਟਾਊਨ ਆਦਮਪੁਰ ਰਾਮਾਮੰਡੀ ਭਾਰਗਵ ਕੈਂਪ ਡਵੀਜ਼ਨ ਨੰਬਰ-3 ਬਾਕਸ-- ਕਾਨੂੰਨ ਕੀ ਕਹਿੰਦਾ ਹੈ? ਐਡਵੋਕੇਟ ਵਿਨੈ ਸ਼ਰਮਾ ਨੇ ਦੱਸਿਆ ਕਿ ਚਾਈਨਾ ਡੋਰ ਦੀ ਵਿਕਰੀ, ਸਟੋਰੇਜ, ਸਪਲਾਈ ਤੇ ਵਰਤੋਂ ਪੂਰੀ ਤਰ੍ਹਾਂ ਮਨਾਹੀ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਸਮੇਤ 2023 ਦੀ ਧਾਰਾ 163 ਤਹਿਤ ਕਾਰਵਾਈ ਹੋ ਸਕਦੀ ਹੈ। ਇਸ ’ਚ 5 ਸਾਲ ਤੱਕ ਕੈਦ, 1 ਲੱਖ ਰੁਪਏ ਤੱਕ ਜੁਰਮਾਨਾ ਤੇ ਦੁਬਾਰਾ ਫੜੇ ਜਾਣ ’ਤੇ ਹੋਰ ਵੀ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਕੋਟਸ--- ‘ਪਲਾਸਟਿਕ ਡੋਰ ਸਿਰਫ਼ ਕਾਨੂੰਨ ਤੋੜਨ ਦਾ ਮਾਮਲਾ ਨਹੀਂ, ਸਗੋਂ ਸਿੱਧਾ ਜਾਨ ਨਾਲ ਖੇਡਣ ਦੇ ਬਰਾਬਰ ਹੈ, ਜੋ ਵੀ ਇਸ ਦੀ ਵਿਕਰੀ ਜਾਂ ਵਰਤੋਂ ਕਰਦਾ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ, ਜੇ ਕਿਤੇ ਵੀ ਪਲਾਸਟਿਕ ਡੋਰ ਵਿਕਦੀ ਦਿਖੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦੇ ਕੇ ਸਮਾਜ ਨੂੰ ਖ਼ਤਰੇ ਤੋਂ ਬਚਾਓ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ। ------------- ਕਾਰਟੂਨ ਹਿੰਦੀ ਦੇ ਡੇਲੀ ਜਾਬ ’ਚੋਂ ਚਾਈਨਾ ਡੋਰ ਕਾਰਟੂਨ ਦੇ ਨਾਂ ’ਤੇ ਪਿਆ ਹੈ। ਉਸ ਨੂੰ ਲਾਓ।