ਕ੍ਰਿਸਮਸ ਦੀ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਕੀਤਾ ਯਿਸੂ ਮਸੀਹ ਦਾ ਗੁਣਗਾਨ
ਕ੍ਰਿਸਮਸ ਦੀ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆ ਕੀਤਾ ਯਸ਼ੂ ਮਸੀਹ ਦਾ ਗੁਣਗਾਨ
Publish Date: Fri, 19 Dec 2025 10:57 PM (IST)
Updated Date: Fri, 19 Dec 2025 11:01 PM (IST)
- ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਾਰਿਆਂ ਨੂੰ ਦਿੱਤਾ ਪਿਆਰ ਦਾ ਸੰਦੇਸ਼ : ਪਾਸਟਰ ਅੰਕੁਰ ਨਰੂਲਾ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ
ਜਲੰਧਰ : ਸ਼ੁੱਕਰਵਾਰ ਨੂੰ ਅੰਕੁਰ ਨਰੂਲਾ ਮਿਨਿਸਟਰੀ ਵੱਲੋਂ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਖਾਂਬਰਾ ਚਰਚ ਵਿੱਚੋਂ ਸ਼ੁਰੂ ਹੁੰਦੇ ਹੋਏ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਵਿੱਚੋ ਲੰਘੀ, ਜਿਸ ਵਿੱਚ ਵੱਡੀ ਗਿਣਤੀ ਵਿਚ ਕ੍ਰਿਸਚੀਅਨ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦੀਆਂ ਝਾਕੀਆਂ ਵੀ ਕੱਢੀਆਂ ਗਈਆਂ, ਜੋ ਕਿ ਸ਼ੋਭਾ ਯਾਤਰਾ ਨੂੰ ਬਹੁਤ ਹੀ ਆਕਰਸ਼ਿਤ ਬਣਾ ਰਹੀਆਂ ਸਨ। ਕਲੀਸੀਆ ਦੇ ਲੋਕਾਂ ਨੇ ਮਸੀਹੀ ਭਜਨਾਂ ਤੇ ਭੰਗੜਾ ਵੀ ਪਾਇਆ। ਇਸ ਦੌਰਾਨ ਵੱਖ-ਵੱਖ ਜਗ੍ਹਾ ’ਤੇ ਚਾਹ ਪਕੌੜੇ ਅਤੇ ਖਾਣੇ ਦੇ ਲੰਗਰ ਲਾਏ ਗਏ। ਚਰਚ ਦੇ ਮੁੱਖ ਪ੍ਰਚਾਰਕ ਅਪੋਸਟਲ ਅੰਕੁਰ ਯੂਸਫ ਨਰੂਲਾ ਨੇ ਕਿਹਾ ਕਿ ਪਵਿੱਤਰ ਬਾਈਬਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਆਪਸੀ ਪ੍ਰੇਮ ਤੇ ਭਾਈਚਾਰੇ ਨਾਲ ਮਿਲਜੁਲ ਕੇ ਰਹਿਣ ਲਈ ਕਿਹਾ ਹੈ ਅਤੇ ਸਾਨੂੰ ਇੱਕ-ਦੂਜੇ ਨੂੰ ਮਾਫ਼ ਕਰਨਾ ਚਾਹੀਦਾ ਹੈ। 13 ਸਾਲਾ ਦੀ ਕੁੜੀ ਦੀ ਹੱਤਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਪਵਿੱਤਰ ਬਾਈਬਲ ਵਿੱਚ ਮਾਫ਼ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਪਿਛਲੇ ਦਿਨੀਂ ਅਪੋਸਟਲ ਅੰਕੁਰ ਨਰੂਲਾ ਅਤੇ ਉਨ੍ਹਾਂ ਦੀ ਪਤਨੀ ਪਾਸਟਰ ਸੋਨੀਆ ਨਰੂਲਾ ਦਾ ਪੁਤਲਾ ਵੀ ਸਾੜਿਆ ਗਿਆ ਸੀ। ਅੰਕੁਰ ਨਰੂਲਾ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਵੀ ਮਾਫ਼ ਕਰਦੇ ਹਾਂ ਸਾਡਾ ਉਨ੍ਹਾਂ ਨਾਲ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਕਿਸੇ ਨਾਲ ਵੀ ਕੋਈ ਬਦਲਾ ਨਹੀਂ ਲੈਣਾ ਚਾਹੀਦਾ ਅਤੇ ਬਦਲੇ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਕਰਨਾ ਚਾਹੀਦਾ। ਧਰਮ ਪਰਿਵਰਤਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਪੈਸਿਆਂ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ ਹੈ l ਇਸ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਇਹ ਸਿਰਫ ਇੱਕ ਰਾਜਨੀਤੀ ਹੈ। ਅਖੀਰ ਵਿੱਚ ਉਨ੍ਹਾਂ ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਨੂੰ 25 ਦਸੰਬਰ ਨੂੰ ਚਰਚ ਆਉਣ ਦਾ ਸੱਦਾ ਦਿੱਤਾ।