ਸਹੁੰ ਚੁੱਕ ਕੇ ਸਵੱਛਤਾ ਪੰਦਰਵਾੜੇ ਦੀ ਕੀਤੀ ਸ਼ੁਰੂਆਤ
ਪੀਆਈਬੀ ਦੇ ਮੁਲਾਜ਼ਮਾਂ ਨੇ ਸਹੁੰ ਚੁੱਕ ਕੇ ਸਵੱਛਤਾ ਪੰਦਰਵਾੜੇ ਦੀ ਕੀਤੀ ਸ਼ੁਰੂਆਤ
Publish Date: Wed, 21 Jan 2026 06:17 PM (IST)
Updated Date: Wed, 21 Jan 2026 06:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਪੱਤਰ ਸੂਚਨਾ ਦਫ਼ਤਰ (ਪੀਆਈਬੀ) ਵੱਲੋਂ ਸਵੱਛਤਾ, ਵਾਤਾਵਰਨ ਸੁਰੱਖਿਆ ਅਤੇ ਜਨਤਕ ਜਾਗਰੂਕਤਾ ਪ੍ਰਤੀ ਨਿਰੰਤਰ ਯਤਨਾਂ ਤਹਿਤ 16 ਤੋਂ 31 ਜਨਵਰੀ ਤੱਕ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਪੀਆਈਬੀ ਜਲੰਧਰ ਦੇ ਮੁਲਾਜ਼ਮਾਂ ਵੱਲੋਂ ‘ਸਵੱਛਤਾ ਪ੍ਰਣ’ ਨਾਲ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਕਰਮਚਾਰੀਆਂ ਨੇ ਜਿੱਥੇ ਆਪਣੇ ਦਫ਼ਤਰ, ਆਲ਼ੇ-ਦੁਆਲ਼ੇ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਸਫ਼ਾਈ ਰੱਖਣ ਦਾ ਪ੍ਰਣ ਲਿਆ, ਉੱਥੇ ਆਪਣੇ ਰੋਜ਼ਾਨਾ ਜੀਵਨ ਵਿੱਚ ਸਵੱਛਤਾ ਸਬੰਧੀ ਆਦਤਾਂ ਅਪਣਾਉਣ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ।
ਪੀਆਈਬੀ ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਨੇ ਕਿਹਾ ਕਿ ਆਪਣੇ ਚੁਗਿਰਦੇ ਦੀ ਸਫ਼ਾਈ ਰੱਖਣਾ ਸਿਰਫ਼ ਇੱਕ ਵਾਰ ਦੀ ਗਤੀਵਿਧੀ ਨਹੀਂ ਹੈ, ਸਗੋਂ ਇਹ ਇੱਕ ਨਿਯਮਤ ਆਦਤ ਹੈ, ਜਿਸ ਨੂੰ ਸਾਰਿਆਂ ਵੱਲੋਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪੀਆਈਬੀ ਦੇ ਸਾਰੇ ਕਰਮਚਾਰੀਆਂ ਨੇ ਆਪਣੇ ਕੰਮਕਾਜ ਵਾਲੀ ਥਾਂ ਨੂੰ ਸਾਫ਼ ਰੱਖਣ ਅਤੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਮਾਜ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ ਹੈ। ਡਾ. ਵਿਕਰਮ ਸਿੰਘ ਨੇ ਅੱਗੇ ਦੱਸਿਆ ਕਿ ਸਵੱਛਤਾ ਪੰਦਰਵਾੜੇ ਦੇ ਆਉਣ ਵਾਲੇ ਦਿਨਾਂ ਦੌਰਾਨ ਪੀਆਈਬੀ ਜਲੰਧਰ ਵੱਲੋਂ ਆਪਣੇ ਦਫ਼ਤਰ ਅਤੇ ਇਸ ਦੇ ਨਜ਼ਦੀਕ ਸਫ਼ਾਈ ਅਤੇ ਸੁੰਦਰੀਕਰਨ ਗਤੀਵਿਧੀਆਂ ਕੀਤੀਆਂ ਜਾਣਗੀਆਂ। ਸੂਚਨਾ ਸਹਾਇਕ ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਇਹ ਸਫ਼ਾਈ ਗਤੀਵਿਧੀਆਂ ਸਿਰਫ਼ ਸਵੱਛਤਾ ਪੰਦਰਵਾੜੇ ਤੱਕ ਸੀਮਤ ਨਹੀਂ ਰਹਿਣਗੀਆਂ, ਸਗੋਂ ਪੰਦਰਵਾੜੇ ਪਿੱਛੋਂ ਵੀ ਇਨ੍ਹਾਂ ਸਫ਼ਾਈ ਯਤਨਾਂ ਨੂੰ ਜਾਰੀ ਰੱਖਿਆ ਜਾਵੇਗਾ।